ਹਰਜੀਤ ਸਿੰਘ
ਡੇਰਾਬੱਸੀ, 22 ਨਵੰਬਰ
ਬਰਵਾਲਾ ਸੜਕ ‘ਤੇ ਸਥਿਤ ਨੈਕਟਰ ਲਾਈਫ਼ ਸਾਇੰਸਜ਼ ਕੈਮੀਕਲ ਫੈਕਟਰੀ ਯੂਨਿਟ 2 ’ਤੇ ਨੇੜਲੇ ਪਿੰਡ ਹਰੀਪੁਰ ਹਿੰਦੂਆਂ ਵਾਸੀਆਂ ਨੇ ਪ੍ਰਦੂਸ਼ਣ ਫੈਲਾਉਣ ਦਾ ਦੋਸ਼ ਲਾਇਆ ਹੈ। ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਫੈਕਟਰੀ ਦੀ ਚਿਮਨੀ ਵਿੱਚੋਂ ਨਿਕਲੇ ਧੂੰਏਂ ਤੇ ਸੁਆਹ ਅਤੇ ਖੁੱਲ੍ਹੇ ਵਿੱਚ ਪਈ ਸੁਆਹ ਕਾਰਨ ਉਹ ਪ੍ਰੇਸ਼ਾਨ ਹਨ।
ਪਿੰਡ ਵਾਸੀਆਂ ਨੇ ਦੋਸ਼ ਲਾਇਆ ਕਿ ਖੇਤਰ ’ਚ ਉਦਯੋਗਾਂ ਵੱਲੋਂ ਫੈਲਾਏ ਪ੍ਰਦੂਸ਼ਣ ਕਾਰਨ ਲੋਕ ਗੰਭੀਰ ਬਿਮਾਰੀਆਂ ਦੀ ਲਪੇਟ ਵਿੱਚ ਹਨ। ਕੈਂਸਰ ਵਰਗੀ ਬਿਮਾਰੀਆਂ ਇਸ ਖੇਤਰ ਵਿੱਚ ਪੈਰ ਪਸਾਰ ਰਹੀਆਂ ਹਨ। ਪਿੰਡ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਸ ਸੰਬੰਧੀ ਵਾਰ ਵਾਰ ਸ਼ਿਕਾਇਤ ਕਰਨ ਦੇ ਬਾਵਜੂਦ ਪ੍ਰਸ਼ਾਸਨਿਕ ਅਧਿਕਾਰੀ, ਪੰਜਾਬ ਪ੍ਰਦੂਸ਼ਣ ਰੋਕੂ ਬੋਰਡ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਇਸ ਤੋਂ ਰੋਹ ਵਿੱਚ ਆਏ ਪਿੰਡ ਵਾਸੀਆਂ ਵੱਲੋਂ ਅੱਜ ਫੈਕਟਰੀ ਦੇ ਬਾਹਰ ਰੋਸ ਪ੍ਰਦਰਸ਼ਨ ਕੀਤਾ।
ਪੰਚ ਸੋਹਨ ਲਾਲ, ਪੰਚ ਮਲਕੀਤ ਸਿੰਘ, ਦਵਿੰਦਰ ਸਿੰਘ, ਹਰਪਾਲ ਸਿੰਘ, ਨਰੇਸ਼ ਕੁਮਾਰ, ਰਾਜਬੀਰ ਸਿੰਘ, ਗੁਲਜ਼ਾਰ ਸਿੰਘ, ਬਲਕਾਰ ਸਿੰਘ, ਸੰਜੀਵ ਕੁਮਾਰ, ਪ੍ਰਦੀਪ, ਰਾਜ ਕੁਮਾਰ, ਕਪਤਾਨ ਸਿੰਘ, ਭੁਪਿੰਦਰ ਸਿੰਘ ਤੇ ਗੁਰਮੁੱਖ ਸਿੰਘ ਨੇ ਦੋਸ਼ ਲਾਇਆ ਕਿ ਫੈਕਟਰੀ ਦੀ ਚਿਮਨੀ ‘ਚੋਂ ਨਿਕਲਦੀ ਕਾਲੀ ਸੁਆਹ ਉੱਡ ਕੇ ਉਨ੍ਹਾਂ ਦੇ ਪਿੰਡ ਵਿੱਚ ਡਿੱਗ ਰਹੀ ਹੈ। ਫੈਕਟਰੀ ਵਲੋਂ ਹਵਾ ਪ੍ਰਦੂਸ਼ਿਤ ਕਰਨ ਤੋਂ ਇਲਾਵਾ ਦੂਸ਼ਿਤ ਪਾਣੀ ਛੱਡ ਕੇ ਧਰਤੀ ਹੇਠਲਾ ਅਤੇ ਨਦੀ ਨਾਲਿਆਂ ਦਾ ਪਾਣੀ ਪ੍ਰਦੂਸ਼ਿਤ ਕੀਤਾ ਜਾ ਰਿਹਾ ਹੈ। ਲੰਮੇ ਸਮੇਂ ਤੋਂ ਇਸ ਕੰਪਨੀ ਵੱਲੋਂ ਚਿਮਨੀਆਂ ਵਿੱਚੋਂ ਨਿਕਲਦੇ ਦੂਸ਼ਿਤ ਧੂੰਏਂ ਨਾਲ ਵਾਤਾਵਰਨ ਪਲੀਤ ਹੋ ਰਿਹਾ ਹੈ।
ਉਨ੍ਹਾ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੰਦਰੁਸਤ ਪੰਜਾਬ ਦੀ ਦੁਹਾਈ ਦਿੰਦੇ ਨਹੀਂ ਥੱਕਦੇ ਜਦਕਿ ਉਨ੍ਹਾਂ ਦੇ ਪਿੰਡ ਵਿੱਚ ਜੇਕਰ ਜ਼ਮੀਨੀ ਹਕੀਕਤ ਦੇਖੀ ਜਾਵੇ ਤਾਂ ਇਕੱਲੀ ਨੈਕਟਰ ਲਾਈਫ਼ ਸਾਇੰਸਜ਼ ਕੈਮੀਕਲ ਫੈਕਟਰੀ ਹੀ ਪੂਰੇ ਪਿੰਡ ਦੀ ਆਬੋ ਹਵਾ ਨੂੰ ਜ਼ਹਿਰੀਲਾ ਕਰਕੇ ਮੁੱਖ ਮੰਤਰੀ ਦੇ ਮਿਸ਼ਨ ਦੀ ਸ਼ਰੇਆਮ ਧੱਜੀਆਂ ਉਡਾ ਰਹੀ ਹੈ। ਫੈਕਟਰੀ ਵਲੋਂ ਛੱਡੇ ਜਾਂਦੇ ਦੂਸ਼ਿਤ ਪਾਣੀ ਕਰਕੇ ਖੇਤਰ ਦਾ ਪਾਣੀ ਵੀ ਪੀਣਯੋਗ ਨਹੀਂ ਰਿਹਾ ਅਤੇ ਸ਼ਿਕਾਇਤ ਕਰਨ ’ਤੇ ਪੰਜਾਬ ਪ੍ਰਦੂਸ਼ਣ ਰੋਕੂ ਬੋਰਡ ਸਿਰਫ਼ ਸੈਂਪਲ ਲੈ ਜਾਣ ਦੀ ਕਾਰਵਾਈ ਤੱਕ ਹੀ ਸੀਮਿਤ ਰਿਹਾ ਹੈ।
ਇਸ ਬਾਰੇ ਪੰਜਾਬ ਪ੍ਰਦੂਸ਼ਣ ਰੋਕੂ ਬੋਰਡ ਦੇ ਐਕਸੀਅਨ ਐੱਲ.ਕੇ. ਦੂਬੇ ਅਤੇ ਕੰਪਨੀ ਅਧਿਕਾਰੀ ਐੱਚ.ਪੀ. ਸਿੰਘ ਨਾਲ ਵਾਰ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਵਲੋਂ ਫੋਨ ਨਹੀਂ ਚੁੱਕਿਆ ਗਿਆ।