ਕਰਮਜੀਤ ਸਿੰਘ ਚਿੱਲਾ
ਬਨੂੜ, 15 ਅਕਤੂਬਰ
ਖੇਤੀਬਾੜੀ ਵਿਭਾਗ ਦੀ ਟੀਮ ਨੇ ਅੱਜ ਸ਼ਾਮ ਬਨੂੜ ਦੀ ਅਨਾਜ ਮੰਡੀ ਵਿੱਚ ਝੋਨਾ ਭਰਨ ਲਈ ਵਰਤੇ ਜਾ ਰਹੇ ਨਵੇਂ ਅਤੇ ਪੁਰਾਣੇ ਬਾਰਦਾਨੇ ਦਾ ਵਜ਼ਨ ਚੈੱਕ ਕੀਤਾ। ਖੇਤੀਬਾੜੀ ਮੰਤਰੀ ਨੇ ਇਸ ਸਬੰਧੀ ਮੁਹਾਲੀ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ ਗੁਰਬਚਨ ਸਿੰਘ ਨੂੰ ਪੜਤਾਲ ਕਰਨ ਦੇ ਨਿਰਦੇਸ਼ ਦਿੱਤੇ ਸਨ।
ਜਾਂਚ ਟੀਮ ਵਿੱਚ ਸ਼ਾਮਲ ਵਿਭਾਗ ਦੇ ਮੁਲਾਜ਼ਮ ਸੁੱਚਾ ਸਿੰਘ ਤੇ ਜਗਦੀਪ ਸਿੰਘ ਨੇ ਮੰਡੀ ਦੀਆਂ ਤਿੰਨ ਢੇਰੀਆਂ ਵਿੱਚ ਭਰੇ ਹੋਏ ਬਾਰਦਾਨੇ ਦੇ ਵਜ਼ਨ ਦੀ ਜਾਂਚ ਕੀਤੀ। ਉਨ੍ਹਾਂ ਨਵੇਂ ਅਤੇ ਪੁਰਾਣੇ ਬਾਰਦਾਨੇ ਦੀਆਂ ਬੋਰੀਆਂ ਦੇ ਵਜ਼ਨ ਦੀ ਜਾਂਚ ਕੀਤੀ। ਦੋਵੇਂ ਤਰ੍ਹਾਂ ਦੇ ਬਾਰਦਾਨੇ ਦਾ ਵਜ਼ਨ 640 ਗ੍ਰਾਮ ਤੋਂ 660 ਗ੍ਰਾਮ ਪ੍ਰਤੀ ਬੋਰੀ ਪਾਇਆ ਗਿਆ। ਇਸ ਮੌਕੇ ਪਨਗਰੇਨ ਦੇ ਇੰਸਪੈਕਟਰ ਸੰਦੀਪ ਸਿੰਗਲਾ, ਮਾਰਕਫੈੱਡ ਦੇ ਇੰਸਪੈਕਟਰ ਬਾਲ ਕ੍ਰਿਸ਼ਨ, ਮਾਰਕੀਟ ਕਮੇਟੀ ਦੇ ਲੇਖਾਕਾਰ ਗੁਰਮੀਤ ਸਿੰਘ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਪੁਨੀਤ ਜੈਨ, ਅਮਿਤ ਜੈਨ, ਸੰਦੀਪ ਸੋਨੂ ਤੇ ਬਿੱਟੂ ਪਾਸੀ ਆਦਿ ਹਾਜ਼ਰ ਸਨ।
ਬਨੂੜ ਅਤੇ ਇਸ ਖੇਤਰ ਦੀਆਂ ਹੋਰ ਮੰਡੀਆਂ ਵਿੱਚ ਝੋਨੇ ਦੀ ਭਰਾਈ ਲਈ ਪੁਰਾਣਾ ਬਾਰਦਾਨਾ ਵਰਤਿਆ ਜਾ ਰਿਹਾ ਹੈ। ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਫੇਸਬੁੱਕ ਪੇਜ ਉੱਤੇ ਕਿਸੇ ਅਮਰੀਕ ਸਿੰਘ ਦੇ ਨਾਮ ਦੇ ਵਿਅਕਤੀ ਨੇ ਸ਼ਿਕਾਇਤ ਦਰਜ ਕੀਤੀ ਸੀ ਕਿ ਮੰਡੀ ਵਿੱਚ ਪੁਰਾਣੇ ਬਾਰਦਾਨੇ ਦੀ ਵਰਤੋਂ ਨਾਲ ਕਿਸਾਨਾਂ ਨੂੰ ਚਾਰ ਸੌ ਗਰਾਮ ਦਾ ਰਗੜਾ ਲੱਗ ਰਿਹਾ ਹੈ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਸੀ ਕਿ ਨਵੇਂ ਬਾਰਦਾਨੇ ਦੀ ਖਾਲੀ ਬੋਰੀ 300 ਗ੍ਰਾਮ ਅਤੇ ਪੁਰਾਣੇ ਬਾਰਦਾਨੇ ਦੀ ਖਾਲੀ ਬੋਰੀ 700 ਗ੍ਰਾਮ ਦੀ ਹੈ। ਖੇਤੀਬਾੜੀ ਮੰਤਰੀ ਅੱਜ ਸ਼ਿਕਾਇਤਾਂ ਦਾ ਨਬਿੇੜਾ ਕਰਨ ਲਈ ਫੇਸਬੁੱਕ ਉੱਤੇ ਲਾਈਵ ਹੋਏ ਸਨ। ਉਨ੍ਹਾਂ ਇਸ ਸ਼ਿਕਾਇਤ ਉੱਤੇ ਤੁਰੰਤ ਕਾਰਵਾਈ ਕਰਦਿਆਂ ਮੋਬਾਈਲ ਉੱਤੇ ਮੁਹਾਲੀ ਦੇ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਨੂੰ ਮੌਕੇ ’ਤੇ ਜਾ ਕੇ ਚੈੱਕ ਕਰਨ ਲਈ ਆਖਿਆ ਸੀ।
ਜਾਂਚ ਟੀਮ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਮੁੱਖ ਖੇਤੀਬਾੜੀ ਅਫ਼ਸਰ ਦੀਆਂ ਹਦਾਇਤਾਂ ਉੱਤੇ ਉਨ੍ਹਾਂ ਬਾਰਦਾਨੇ ਦਾ ਵਜ਼ਨ ਚੈੱਕ ਕੀਤਾ ਹੈ। ਉਨ੍ਹਾਂ ਕਿਹਾ ਕਿ ਨਵੇਂ ਅਤੇ ਪੁਰਾਣੇ ਦੋਵੇਂ ਤਰਾਂ ਦੇ ਬਾਰਦਾਨੇ ਦਾ ਵਜ਼ਨ ਇੱਕਸਾਰ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਮੌਕੇ ਉੱਤੋਂ ਹੀ ਖੇਤੀਬਾੜੀ ਮੰਤਰੀ ਕੋਲ ਇਸ ਸਬੰਧੀ ਜਾਣਕਾਰੀ ਭੇਜ ਦਿੱਤੀ ਹੈ।