ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 28 ਮਈ
ਆਬਕਾਰੀ ਵਿਭਾਗ ਵੱਲੋਂ ਲੰਘੀ ਰਾਤ ਮੁਹਾਲੀ ਸਮੇਤ ਸੂਬੇ ਅੰਦਰ ਵੱਖ-ਵੱਖ ਥਾਵਾਂ ‘ਤੇ ਸ਼ਰਾਬ ਦੇ ਬਾਰਾਂ ਦੀ ਅਚਨਚੇਤ ਚੈਕਿੰਗ ਅਤੇ ਨਿਗਰਾਨੀ ਲਈ ‘ਨਾਈਟ ਸਵੀਪ’ ਅਪਰੇਸ਼ਨ ਚਲਾਇਆ ਗਿਆ। ਵਿੱਤ ਕਮਿਸ਼ਨਰ ਕਰ ਵਿਕਾਸ ਪ੍ਰਤਾਪ ਅਤੇ ਆਬਕਾਰੀ ਕਮਿਸ਼ਨਰ ਵਰੁਣ ਰੂਜ਼ਮ ਦੀ ਸਾਂਝੀ ਨਿਗਰਾਨੀ ਹੇਠ ਵਧੀਕ ਕਮਿਸ਼ਨਰ (ਆਬਕਾਰੀ) ਨਰੇਸ਼ ਦੂਬੇ ਅਤੇ ਏਆਈਜੀ (ਆਬਕਾਰੀ) ਗੁਰਜੋਤ ਸਿੰਘ ਕਲੇਰ ਦੀ ਅਗਵਾਈ ਵਿੱਚ ਰਾਤ ਸਮੇਂ 13 ਤੋਂ ਵੱਧ ਟੀਮਾਂ ਨੇ ਚੈਕਿੰਗ ਕੀਤੀ।
ਮਿਲੀ ਜਾਣਕਾਰੀ ਅਨੁਸਾਰ ਮੁਹਾਲੀ ਦੇ ਸੈਕਟਰ-66 ਸਥਿਤ ਬਹੁ-ਚਰਚਿਤ ਬੈਸਟੈੱਕ ਮਾਲ ਵਿੱਚ ‘ਬੁਰਜ’ (ਡਬਲਿਊ ਵ੍ਹਾਈਟ ਹਾਸਪਿਟੈਲਿਟੀ), ‘ਸਕਿੱਲ’ (ਫਰੈਂਡਜ਼ ਹਾਸਪਿਟੈਲਿਟੀ) ਅਤੇ ‘ਮਾਸਕ ਲੌਂਜ ਐਂਡ ਬਾਰ’ ਨਾਮੀ ਤਿੰਨ ਬਾਰ ਨਿਰਧਾਰਿਤ ਸਮੇਂ ਤੋਂ ਬਾਅਦ ਵੀ ਖੁੱਲ੍ਹੇ ਪਾਏ ਗਏ। ਨਤੀਜੇ ਵਜੋਂ ਇਨ੍ਹਾਂ ਬਾਰਾਂ ਵਿਰੁੱਧ ਵੱਖ ਵੱਖ ਧਾਰਾਵਾਂ ਤਹਿਤ ਕਾਰਵਾਈ ਕੀਤੀ ਗਈ। ਇੰਜ ਹੀ ਨਵਾਂ ਗਰਾਓਂ ਖੇਤਰ ਵਿੱਚ ‘ਆਈ ਲਵ ਹੌਟ ਸ਼ਾਟ’ ਨਾਮੀ ਇੱਕ ਰੈਸਟੋਰੈਂਟ ਵੱਲੋਂ ਆਪਣੇ ਗਾਹਕਾਂ ਨੂੰ ਸਿਰਫ਼ ਚੰਡੀਗੜ੍ਹ ਖੇਤਰ ਵਿੱਚ ਵੇਚੀ ਜਾ ਸਕਣ ਵਾਲੀ ਬੀਅਰ ਦੇ ਨਾਲ ‘ਹੁੱਕਾ’ ਪੀਣ ਲਈ ਦਿੱਤਾ ਜਾ ਰਿਹਾ ਸੀ, ਜੋ ਕਾਨੂੰਨ ਦੀ ਘੋਰ ਉਲੰਘਣਾ ਹੈ। ਰੈਸਟੋਰੈਂਟ ਦੀ ਤਲਾਸ਼ੀ ਦੌਰਾਨ 20 ਹੁੱਕੇ, ਬੀਅਰ ਦੀਆਂ 7 ਬੋਤਲਾਂ, ਤੰਬਾਕੂ ਦੇ ਵੱਖ-ਵੱਖ ਫਲੇਵਰ ਅਤੇ ਚਾਰਕੋਲ ਜ਼ਬਤ ਕੀਤਾ ਗਿਆ। ਇਸ ਮਾਮਲੇ ਵਿੱਚ ਰੈਸਟੋਰੈਂਟ ਦੇ ਮਾਲਕਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਨਵਾਂ ਗਰਾਓਂ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਪੂਰੇ ਪੰਜਾਬ ‘ਚ ਚਲਾਈ ‘ਨਾਈਟ ਸਵੀਪ’ ਮੁਹਿੰਮ: ਚੀਮਾ
ਿਵੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਸ਼ਨਿੱਚਰਵਾਰ ਰਾਤ ਨੂੰ ਮੁਹਾਲੀ ਸਮੇਤ ਸੂਬੇ ਭਰ ਵਿੱਚ ਸ਼ਰਾਬ ਦੇ ਬਾਰਾਂ ਦੀ ਚੈਕਿੰਗ ਅਤੇ ਨਿਗਰਾਨੀ ਲਈ ‘ਨਾਈਟ ਸਵੀਪ’ ਨਾਮੀ ਅਪਰੇਸ਼ਨ ਚਲਾਇਆ ਗਿਆ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਮੌਕੇ ‘ਤੇ ਹੀ ਕਾਨੂੰਨੀ ਕਾਰਵਾਈ ਕੀਤੀ ਗਈ। ਉਨ੍ਹਾਂ ਦੱਸਿਆ ਕਿ ਬਾਰਾਂ, ਪੱਬਾਂ ਅਤੇ ਰੈਸਟੋਰੈਂਟਾਂ ਵਿੱਚ ‘ਹੁੱਕਾ’ ਪੀਣ ਅਤੇ ਹੋਰ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਇਹ ਵਿਸ਼ੇਸ਼ ਅਪਰੇਸ਼ਨ ਚਲਾਇਆ ਗਿਆ। ਉਨ੍ਹਾਂ ਨੇ ਅਜਿਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਸਾਰੇ ਵਿਅਕਤੀਆਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਅਜਿਹੇ ਵਿਅਕਤੀਆਂ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।