ਕਰਮਜੀਤ ਸਿੰਘ ਚਿੱਲਾ
ਬਨੂੜ, 19 ਜੁਲਾਈ
ਬਨੂੜ ਦੇ ਇਤਿਹਾਸਕ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਵਿਚ ਅੱਜ ਚੈਰੀਟੇਬਲ ਲੈਬਾਰਟਰੀ ਸ਼ੁਰੂ ਕੀਤੀ ਗਈ। ਇਸ ਵਿੱਚ ਖੂਨ ਦੇ ਸਮੁੱਚੇ ਟੈਸਟ ਬਾਜ਼ਾਰ ਨਾਲੋਂ ਤਿੰਨ ਤੋਂ ਚਾਰ ਗੁਣਾ ਸਸਤੀਆਂ ਦਰਾਂ ’ਤੇ ਕੀਤੇ ਜਾਣਗੇ।
ਲੈਬਾਰਟਰੀ ਦਾ ਆਰੰਭ ਗੁਰਦੁਆਰੇ ਦੇ ਪ੍ਰਬੰਧਕ ਬਾਬਾ ਗੁਰਦੇਵ ਸਿੰਘ ਸਿੰਘ ਨੇ ਕੀਤਾ। ਲੈਬਾਰਟਰੀ ਦੇ ਸੰਚਾਲਕ ਭਾਈ ਅਵਤਾਰ ਸਿੰਘ ਨੇ ਦੱਸਿਆ ਕਿ ਉਹ ਬਿਨ੍ਹਾਂ ਕਿਸੇ ਲਾਭ ਤੋਂ ਇਹ ਲੈਬਾਰਟਰੀ ਚਲਾਉਣਗੇ। ਉਨ੍ਹਾਂ ਕਿਹਾ ਕਿ ਉਹ ਗੁਰਦੁਆਰਾ ਸਾਹਿਬ ਰਾਜਪੁਰਾ, ਮੋਰਿੰਡਾ, ਨਵਾਂ ਸ਼ਹਿਰ, ਖਰੜ ਅਤੇ ਡੇਰਾਬੱਸੀ ਵਿਖੇ ਵੀ ਅਜਿਹੀਆਂ ਚੈਰੀਟੇਬਲ ਲੈਬਾਰਟਰੀਆਂ ਚਲਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਇਸ ਲੈਬ ਵਿੱਚ ਸਵੇਰੇ ਸੱਤ ਵਜੇ ਤੋਂ ਗਿਆਰਾਂ ਵਜੇ ਤੱਕ ਸੈਂਪਲ ਦਿੱਤੇ ਜਾ ਸਕਣਗੇ। ਉਨ੍ਹਾਂ ਦੱਸਿਆ ਕਿ ਹਰ ਸੰਗਰਾਂਦ ਨੂੰ ਸ਼ੂਗਰ ਅਤੇ ਥਾਇਰਾਇਡ ਦੇ ਟੈਸਟ ਮੁਫ਼ਤ ਕੀਤੇ ਜਾਣਗੇ।
ਸਸਤੇ ਭਾਅ ’ਤੇ ਮਿਲਣਗੀਆਂ ਦਵਾਈਆਂ
ਇਸ ਲੈਬਾਰਟਰੀ ਵਿੱਚ ਸਿਰਫ਼ 500 ਰੁਪਏ ਲਏ ਜਾਣਗੇ। ਇਵੇਂ ਹੀ ਸ਼ੂਗਰ ਦਾ ਟੈਸਟ 10 ਰੁਪਏ ਵਿੱਚ, ਕਲੱਸਟਰਾਲ ਦੇ ਟੈਸਟ 20 ਰੁਪਏ ਵਿੱਚ, ਯੂਰਿਕ ਏਸਿਡ ਦਾ ਟੈਸਟ 20 ਰੁਪਏ ਵਿੱਚ, ਸੀਬੀਸੀ(ਕੰਪਲੀਟ ਬਲੱਡ ਕਾਊਂਟ) 70 ਰੁਪਏ ਵਿੱਚ, ਲਿਪਿਡ ਪ੍ਰੋਫ਼ਾਇਲ 100 ਰੁਪਏ ਵਿੱਚ, ਥਾਇਰਾਇਡ ਕੰਪਲੀਟ 140 ਰੁਪਏ ਵਿੱਚ, ਲੀਵਰ ਪ੍ਰੋਫ਼ਾਇਲ 120 ਰੁਪਏ ਵਿੱਚ ਅਤੇ ਗੁਰਦਿਆਂ ਨਾਲ ਸਬੰਧਿਤ ਟੈਸਟ 130 ਰੁਪਏ ਵਿੱਚ ਕੀਤੇ ਜਾਣਗੇ।