ਜਗਮੋਹਨ ਸਿੰਘ
ਘਨੌਲੀ, 7 ਸਤੰਬਰ
ਲਾਈਫ ਕੇਅਰ ਚੈਰੀਟੇਬਲ ਲੈਬਾਰਟਰੀ ਹਵੇਲੀ ਖੁਰਦ ਵੱਲੋਂ ਗੁਰੂਦੁਆਰਾ ਸਿੰਘ ਸਭਾ ਵਿੱਚ ਲੋਕਾਂ ਦੇ ਵੱਖ ਵੱਖ ਬਿਮਾਰੀਆਂ ਸਬੰਧੀ ਟੈਸਟਾਂ ਲਈ ਖੋਲ੍ਹੀ ਗਈ ਲੈਬਾਰਟਰੀ ਨੂੰ ਭਰਪੂਰ ਹੁੰਗਾਰਾ ਮਿਲਣ ਤੋਂ ਬਾਅਦ ਸੰਸਥਾ ਵੱਲੋਂ ਸੰਸਦ ਆਦਰਸ਼ ਪਿੰਡ ਘਨੌਲੀ ਦੇ ਗੁਰੂਦੁਆਰਾ ਸਾਹਿਬ ਵਿੱਚ ਵੀ ਲੈਬਾਰਟਰੀ ਖੋਲ੍ਹੀ ਗਈ ਹੈ।
ਅੱਜ ਘਨੌਲੀ ਦੇ ਗੁਰਦੁਆਰਾ ਗੁਰੂ ਤੇਗ ਬਹਾਦਰ ਸਾਹਿਬ ਵਿੱਚ ਉਦਘਾਟਨੀ ਸਮਾਰੋਹ ਦੌਰਾਨ ਸੰਸਥਾ ਦੇ ਪ੍ਰਧਾਨ ਜਰਨੈਲ ਸਿੰਘ ਕਾਬੜਵਾਲ ਨੇ ਦੱਸਿਆ ਕਿ ਲਾਕਡਾਊਨ ਤੋਂ ਬਾਅਦ ਭਾਵੇਂ ਬੱਸਾਂ ਦੀ ਆਵਾਜਾਈ ਸ਼ੁਰੂ ਹੋ ਚੁੱਕੀ ਹੈ ਪਰ ਕਰੋਨਾ ਮਹਾਮਾਰੀ ਕਾਰਨ ਲੋਕ ਬੱਸਾਂ ਵਿੱਚ ਸਫਰ ਕਰਨ ਤੋਂ ਡਰਦੇ ਹਨ ਅਤੇ ਗਰੀਬ ਲੋਕਾਂ ਕੋਲ ਆਪਣੇ ਸਾਧਨਾਂ ਦੀ ਘਾਟ ਹੈ। ਉਨ੍ਹਾਂ ਦੀ ਸੰਸਥਾ ਨੇ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਹੋਇਆਂ ਜ਼ਰੂਰਤ ਮੁਤਾਬਿਕ ਵੱਖ ਵੱਖ ਥਾਵਾਂ ’ਤੇ ਲੋਕਾਂ ਨੂੰ ਸਸਤੇ ਰੇਟਾਂ ਉੱਤੇ ਸਰੀਰਕ ਟੈਸਟ ਕਰਾਉਣ ਦੀ ਸਹੂਲਤ ਮੁਹੱਈਆ ਕਰਵਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਘਨੌਲੀ ਵਿੱਚ ਪੂਰੇ ਸਰੀਰ ਦੇ ਵੱਖ ਵੱਖ ਟੈਸਟ ਸਿਰਫ 500 ਰੁਪਏ ਵਿੱਚ ਕੀਤੇ ਜਾਣਗੇ, ਉੱਥੇ ਹੀ ਹੋਰ ਬਿਮਾਰੀਆਂ ਲਈ ਟੈਸਟ ਮਾਰਕੀਟ ਨਾਲੋਂ ਬੇਹੱਦ ਸਸਤੀਆਂ ਦਰਾਂ ’ਤੇ ਕੀਤੇ ਜਾਣਗੇ। ਸੰਗਰਾਦ ਵਾਲੇ ਦਿਨ ਕਈ ਟੈਸਟ ਬਿਲਕੁਲ ਮੁਫ਼ਤ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਇਸ ਸਮਾਜਿਕ ਕਾਰਜ ਲਈ ਸ਼੍ਰੀ ਬਰਿੰਦਰ ਸਿੰਘ ਢਿੱਲੋਂ ਪ੍ਰਧਾਨ ਪੰਜਾਬ ਯੂਥ ਕਾਂਗਰਸ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ। ਇਸ ਮੌਕੇ ਅਮਰਜੀਤ ਸਿੰਘ ਭੁੱਲਰ, ਅਮਨਦੀਪ ਸਿੰਘ ਲਾਲੀ, ਡਾ. ਸੁਖਦੀਪ ਕੌਰ ਲੌਂਗੀਆ, ਅਵਤਾਰ ਸਿੰਘ ਐੱਮਡੀ, ਅਮਰਜੀਤ ਸਿੰਘ ਗਹੂਣੀਆ ਅਤੇ ਮਹਿੰਦਰਜੀਤ ਸਿੰਘ ਖੈਰਾਬਾਦ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।