ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 14 ਸਤੰਬਰ
ਇੱਥੋਂ ਦੇ ਟੀਡੀਆਈ ਸਿਟੀ, ਸੈਕਟਰ-110 ਅਤੇ ਸੈਕਟਰ-111 ਦੀਆਂ ਵੈੱਲਫੇਅਰ ਐਸੋਸੀਏਸ਼ਨਾਂ ਨੇ ਦੋਸ਼ ਲਾਇਆ ਹੈ ਕਿ ਪਿੰਡ ਦੇ ਰੈਵੇਨਿਊ ਰਸਤਿਆਂ ਵਾਲੀ ਜ਼ਮੀਨ ਦੇ ਗਮਾਡਾ ਵੱਲੋਂ ਨਕਸ਼ੇ ਪਾਸ ਕੀਤੇ ਜਾ ਰਹੇ ਹਨ। ਅੱਜ ਐਸੋਸੀਏਸ਼ਨਾਂ ਨੇ ਸਾਂਝੇ ਤੌਰ ’ਤੇ ਗਮਾਡਾ ਦੇ ਮੁੱਖ ਪ੍ਰਸ਼ਾਸਕ ਅਮਨਦੀਪ ਬਾਂਸਲ ਨਾਲ ਮੁਲਾਕਾਤ ਕੀਤੀ ਅਤੇ ਲਿਖਤੀ ਸ਼ਿਕਾਇਤ ਦੇ ਕੇ ਮੰਗ ਕੀਤੀ ਹੈ ਕਿ ਬਿਨਾ ਜ਼ਮੀਨੀ ਹਕੀਕਤ ਜਾਣਿਆ ਉਕਤ ਸੈਕਟਰਾਂ ਦੇ ਨਕਸ਼ੇ ਪਾਸ ਕਰਨ ਦੀ ਜਾਂਚ ਕਰਵਾਈ ਜਾਵੇ ਅਤੇ ਜ਼ਿੰਮੇਵਾਰ ਅਫ਼ਸਰਾਂ ਅਤੇ ਸਟਾਫ਼ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇ। ਐਸੋਸੀਏਸ਼ਨਾਂ ਦੇ ਆਗੂਆਂ ਰਾਜਵਿੰਦਰ ਸਿੰਘ, ਜਸਵੀਰ ਸਿੰਘ ਗੜਾਂਗ, ਸਾਧੂ ਸਿੰਘ, ਸੰਤ ਸਿੰਘ, ਜਸਵਿੰਦਰ ਸਿੰਘ ਗਿੱਲ, ਭਜਨ ਸਿੰਘ, ਬੰਤ ਸਿੰਘ ਭੁੱਲਰ, ਪ੍ਰੇਮ ਸਿੰਘ, ਹਰਮਿੰਦਰ ਸਿੰਘ ਸੋਹੀ ਨੇ ਦੱਸਿਆ ਕਿ ਬਿਲਡਰ ਵੱਲੋਂ 161 ਏਕੜ ਦੀਆਂ ਸਕੀਮਾਂ ਨੂੰ ਵੀ ਲਾਗੂ ਨਹੀਂ ਕੀਤਾ ਗਿਆ, ਜਦੋਂਕਿ ਗਮਾਡਾ ਵੱਲੋਂ ਲਗਪਗ 205 ਏਕੜ ਜ਼ਮੀਨ ਦੇ ਨਕਸ਼ੇ ਪਾਸ ਕਰ ਦਿੱਤੇ ਗਏ ਹਨ। ਗਮਾਡਾ ਅਧਿਕਾਰੀਆਂ ਵੱਲੋਂ ਬਿਨਾ ਜ਼ਮੀਨੀ ਹਕੀਕਤ ਨੂੰ ਜਾਣਿਆ ਪਿੰਡ ਦੇ ਰੈਵੇਨਿਊ ਰਸਤਿਆਂ ਵਿੱਚ ਹੀ ਸੜਕਾਂ ਪਾਸ ਕਰ ਦਿੱਤੀਆਂ ਗਈਆਂ ਹਨ, ਜਦੋਂਕਿ ਉਨ੍ਹਾਂ ਥਾਵਾਂ ’ਤੇ ਸੜਕਾਂ ਬਣਾਉਣ ਲਈ ਥਾਂ ਹੀ ਨਹੀਂ ਹੈ।
ਉਨ੍ਹਾਂ ਦੋਸ਼ ਲਾਇਆ ਕਿ ਬਿਲਡਰ ਵੱਲੋਂ ਲਗਭਗ 800 ਫਲੈਟਾਂ ਨੂੰ ਜੋੜਦੀ ਸੜਕ ਨੂੰ ਪੁੱਟ ਕੇ ਪਲਾਟਾਂ ਦੀਆਂ ਬਰਮਾਂ ’ਤੇ ਇੰਟਰਲਾਕ ਟਾਈਲਾਂ ਲਗਾ ਕੇ ਆਰਜ਼ੀ ਸੜਕਾਂ ਬਣਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੈਕਟਰ-110 ਅਤੇ ਸੈਕਟਰ-111 ਵਿੱਚ ਪਾਣੀ ਦੀ ਸਿਰਫ਼ ਇੱਕ ਹੀ ਟੈਂਕੀ ਹੋਣ ਕਾਰਨ ਸਥਾਨਕ ਲੋਕਾਂ ਨੂੰ ਸਮੇਂ ਸਿਰ ਪਾਣੀ ਵੀ ਨਹੀਂ ਦਿੱਤਾ ਜਾ ਰਿਹਾ ਅਤੇ ਕਈ ਫਲੈਟਾਂ ਵਿੱਚ ਦੁਪਹਿਰ ਵੇਲੇ ਵੀ ਪਾਣੀ ਦੀ ਸਪਲਾਈ ਨਹੀਂ ਜਾਂਦੀ। ਗਮਾਡਾ ਦੇ ਮੁੱਖ ਪ੍ਰਸ਼ਾਸਕ ਅਮਨਦੀਪ ਬਾਂਸਲ ਨੇ ਮੌਕੇ ’ਤੇ ਹੀ ਵਧੀਕ ਮੁੱਖ ਪ੍ਰਸ਼ਾਸਕ (ਏਸੀਏ) ਅਮਰਿੰਦਰ ਸਿੰਘ ਟਿਵਾਣਾ ਨੂੰ ਮਾਮਲੇ ਦੀ ਜਾਂਚ ਕਰਨ ਦੇ ਆਦੇਸ਼ ਜਾਰੀ ਕੀਤੇ।