ਚੰਡੀਗੜ੍ਹ: ਪਿੰਡ ਮਟੌਰ ਵਿੱਚ ਲਾਲਾਂ ਵਾਲੇ ਦੀ ਦਰਗਾਹ ’ਤੇ ਹਰੇਕ ਵੀਰਵਾਰ ਮੇਲਾ ਭਰਦਾ ਹੈ। ਦਰਗਾਹ ਦੇ ਗੱਦੀ ਨਸ਼ੀਨ ਰਮਜ਼ਾਨ ਮੁਹੰਮਦ ਵੱਲੋਂ ਇੱਥੇ ਆਪ ਗੌਣ, ਕਵੀਸ਼ਰੀ ਆਦਿ ਦੇ ਪ੍ਰੋਗਰਾਮ ਕਰਵਾਏ ਜਾਂਦੇ ਹਨ। ਬੀਤੇ ਦਿਨੀਂ ਇੱਥੇ ਮੇਲੇ ਦੌਰਾਨ ਨਿਵੇਕਲਾ ਪ੍ਰੋਗਰਾਮ ਗੁਮੰਤਰੀ ਅਖਾੜਾ ਲੱਗਿਆ। ਗੁਮੰਤਰੀ ਟੋਲੀ ਦੇ ਮੁਖੀ ਕਸ਼ਮੀਰਾ ਸਿੰਘ ਨੇ ਪ੍ਰੋਗਰਾਮ ਪੇਸ਼ ਕੀਤਾ ਅਤੇ ਤੂੰਬਾ-ਵਾਦਕ ਬੂਟਾ ਮੁਹੰਮਦ ਤੇ ਅਲਗੋਜ਼ਾ-ਵਾਦਕ ਪਾਲ ਮੁਹੰਮਦ ਨੇ ਉਸ ਦੀ ਸੰਗਤ ਕੀਤੀ। ਗੁਮੰਤਰੀ ਟੋਲੀ ਨੇ ਪੂਰਨ, ਮਿਰਜ਼ਾ, ਜਿਊਣਾ ਮੌੜ ਆਦਿ ਦੇ ਗੌਣ ਸੁਣਾ ਕੇ ਲਗਪਗ ਤਿੰਨ ਘੰਟੇ ਸਰੋਤਿਆਂ ਨੂੰ ਕੀਲ ਕੇ ਰੱਖਿਆ। ਇਸ ਮੌਕੇ ਮਾਨ ਸਿੰਘ ਰਈਸ ਸੋਹਾਣਾ, ਅਮਰੀਕਾ ਤੋਂ ਆਇਆ ਸੰਤ ਸਿੰਘ, ਨੰਬਰਦਾਰ ਪ੍ਰੇਮ ਸਿੰਘ, ਟਰਾਂਸਪੋਰਟਰ ਬਹਾਲ ਸਿੰਘ, ਗੁਰਦੇਵ ਸਿੰਘ ਸਰਪੰਚ ਸੋਹਾਣਾ, ਸਰਪੰਚ ਅਵਤਾਰ ਸਿੰਘ, ਤਰਲੋਚਨ ਸਿੰਘ ਵੈਦਵਾਨ ਅਤੇ ਹੋਰ ਪਤਵੰਤੇ ਹਾਜ਼ਰ ਸਨ। ਜਨਾਬ ਰਮਜ਼ਾਨ ਮੁਹੰਮਦ ਨੇ ਗੁਮੰਤਰੀਆਂ ਤੇ ਲੋਕਾਂ ਦਾ ਧੰਨਵਾਦ ਕੀਤਾ। -ਟਨਸ