ਪੱਤਰ ਪ੍ਰੇਰਕ
ਕੁਰਾਲੀ, 25 ਅਪਰੈਲ
ਡਾ. ਚਰਨਜੀਤ ਸਿੰਘ ਚੰਨੀ ਵਿਧਾਇਕ ਬਣਨ ਮਗਰੋਂ ਪਹਿਲੀ ਵਾਰ ਕੁਰਾਲੀ ਨੇੜਲੇ ਆਪਣੇ ਜੱਦੀ ਪਿੰਡ ਸਿਆਲਬਾਲੂ-ਮਾਜਰੀ ਪੁੱਜੇ। ਇਸ ਮੌਕੇ ਪਿੰਡ ਵਾਸੀਆਂ ਨੇ ਫੁੱਲਾਂ ਦੀ ਵਰਖਾ ਕਰਦਿਆਂ ਸ਼ਾਨਦਾਰ ਸਵਾਗਤ ਕੀਤਾ। ਬਚਪਨ ਦੀਆਂ ਯਾਦਾਂ ਤਾਜ਼ਾ ਕਰਨ ਲਈ ਡਾ. ਚੰਨੀ ਆਪਣੇ ਜੱਦੀ ਘਰ ਵੀ ਗਏ। ਉਨ੍ਹਾਂ ਦੇ ਚਚੇਰੇ ਭਰਾ, ਹੋਰ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਫੁੱਲਾਂ ਦੇ ਹਾਰਾਂ ਤੇ ਸਰੋਪਿਆਂ ਨਾਲ ਲੱਦ ਦਿੱਤਾ। ਡਾ. ਚੰਨੀ ਨੇ ਪਿੰਡ ਦੇ ਧਾਰਮਿਕ ਅਸਥਾਨਾਂ ’ਤੇ ਮੱਥਾ ਟੇਕਿਆ। ਡਾ. ਚੰਨੀ ਨੇ ਕਿਹਾ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਬਗੈਰ ਕਿਸੇ ਵਿਤਕਰੇ ਦੇ ਹਰ ਵਰਗ ਦੇ ਲੋਕਾਂ ਨੂੰ 300 ਯੂਨਿਟ ਪ੍ਰਤੀ ਮਹੀਨਾ ਮੁਫ਼ਤ ਬਿਜਲੀ ਮਿਲੇਗੀ। ਇਸ ਦੌਰਾਨ ਡਾ. ਚੰਨੀ ਨੇ ਜੱਦੀ ਪਿੰਡ ਮਾਜਰੀ ਦੇ ਵਿਕਾਸ ਵਿੱਚ ਹਰ ਸੰਭਵ ਯਤਨ ਕਰਨ ਦਾ ਵਾਅਦਾ ਵੀ ਕੀਤਾ। ਇਸ ਮੌਕੇ ਉਨ੍ਹਾਂ ਦੀ ਪਤਨੀ ਡਾ: ਹਰਜੀਤ ਕੌਰ,ਚਚੇਰੇ ਭਰਾ ਜਸਵੰਤ ਸਿੰਘ,ਆਪ ਆਗੂ ਜਗਦੇਵ ਸਿੰਘ ਮਲੋਆ ਤੇ ਗੁਰਿੰਦਰ ਸਿੰਘ ਕੈਰੋਂ ਅਤੇ ਹੋਰ ਪਤਵੰਤੇ ਤੇ ਪਿੰਡ ਵਾਸੀ ਵੀ ਹਾਜ਼ਰ ਸਨ।