ਸੰਜੀਵ ਬੱਬੀ
ਚਮਕੌਰ ਸਾਹਿਬ, 18 ਅਕਤੂਬਰ
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚਮਕੌਰ ਸਾਹਿਬ ਦੇ ਪਿੰਡ ਗੱਗੋਂ ਵਿੱਚ ਵਾਅਦੇ ਅਨੁਸਾਰ ਬਿਜਲੀ ਬਿੱਲ ਫੂਕ ਕੇ ਖਪਤਕਾਰਾਂ ਨੂੰ ਬਕਾਇਆ ਮੁਆਫ਼ ਕਰਨ ਦਾ ਫ਼ੈਸਲਾ ਲਾਗੂ ਕੀਤਾ। ਉਨ੍ਹਾਂ ਆਪਣੇ ਹਲਕੇ ਦੇ ਪਿੰਡ ਸੰਧੂਆਂ, ਗੱਗੋਂ, ਭੈਰੋਮਾਜਰਾ, ਕਸਬਾ ਬੇਲਾ, ਬਜੀਦਪੁਰ ਅਤੇ ਪਿੰਡ ਮਹਿਤੋਤ ਵਿੱਚ ਜਨਤਕ ਇਕੱਠ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਬੇਲਾ ਮਾਰਗ ’ਤੇ 500 ਕਰੋੜ ਰੁਪਏ ਨਾਲ ਸਥਾਪਤ ਹੋ ਰਹੇ ਸਕਿੱਲ ਇੰਸਟੀਚਿਊਟ ਦੇ ਨਿਰਮਾਣ ਲਈ 100 ਕਰੋੜ ਰੁਪਾਏ ਦੇ ਟੈਂਡਰ ਜਾਰੀ ਹੋ ਗਏ ਹਨ ਅਤੇ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਸ੍ਰੀ ਚੰਨੀ ਨੇ ਪਿੰਡ ਮਹਿਤੋਤ ਦੇ ਖੇਡ ਸਟੇਡੀਅਮ ਲਈ 1 ਕਰੋੜ 13 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਅਤੇ ਚਮਕੌਰ ਸਾਹਿਬ ਵਿੱਚ 100 ਬਿਸਤਰਿਆਂ ਵਾਲਾ ਹਸਪਤਾਲ ਬਣਾਉਣ ਸਮੇਤ ਬੇਟ ਇਲਾਕੇ ਦੀ ਚਿਰੋਕਣੀ ਮੰਗ ਤੇ ਕਸਬਾ ਬੇਲਾ ਨੇੜੇ ਦਰਿਆ ਸਤਲੁਜ ’ਤੇ ਪੁਲ ਬਣਾਉਣ ਦਾ ਨੀਂਹ ਪੱਥਰ 30 ਅਕਤੂਬਰ ਨੂੰ ਰੱਖਿਆ ਜਾਵੇਗਾ ਅਤੇ ਪੁਲ ਅਧੀਨ ਆਉਂਦੀ ਜ਼ਮੀਨ ਦੇ ਮਾਲਕਾਂ ਨੂੰ ਜ਼ਮੀਨਾਂ ਦਾ ਭਾਅ 70 ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇਗਾ। ਸ੍ਰੀ ਚੰਨੀ ਨੇ ਪਿੰਡਾਂ ਉਕਤ ਗਰਾਂਟਾਂ ਸਮੇਤ 21 ਲੱਖ ਰੁਪਏ ਬੇਲਾ ਕਾਲਜ ਨੂੰ ਵੀ ਦੇਣ ਦਾ ਐਲਾਨ ਕੀਤਾ।