ਪੱਤਰ ਪ੍ਰੇਰਕ
ਪੰਚਕੂਲਾ, 29 ਅਗਸਤ
ਹਰਿਆਣਾ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਚੰਦਰ ਮੋਹਨ ਅਤੇ ਕਾਂਗਰਸੀ ਆਗੂ ਵਿਜੈ ਬਾਂਸਲ ਸਮੇਤ ਹੋਰ ਸਥਾਨਕ ਆਗੂਆਂ ਨੇ ਅੱਜ ਪੀਜੀਆਈ ਵਿੱਚ ਗ੍ਰਹਿ ਅਤੇ ਸਿਹਤ ਮੰਤਰੀ ਅਨਿਲ ਵਿੱਜ ਦਾ ਹਾਲ ਪੁੱਛਿਆ। ਵਿਜ ਨੇ ਦੱਸਿਆ ਕਿ ਪਹਿਲਾਂ ਨਾਲੋਂ ਉਨ੍ਹਾਂ ਦੀ ਹਾਲਤ ਚੰਗੀ ਹੈ। ਉਹ ਪੀਜੀਆਈ ਵਿੱਚ ਦਾਖਲ ਹੋਣ ਦੇ ਬਾਵਜੂਦ ਕੰਮ ਦੀਆਂ ਕੁਝ ਜ਼ਰੂਰੀ ਫਾਈਲਾਂ ਕੱਢ ਰਹੇ ਹਨ। ਇਸ ਦੌਰਾਨ ਦੋਹਾਂ ਵਿਚਾਲੇ ਰਾਜਨੀਤਕ ਮੁੱਦਿਆਂ ’ਤੇ ਗੱਲਬਾਤ ਵੀ ਹੋਈ। ਜ਼ਿਕਰਯੋਗ ਹੈ ਕਿ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿੱਜ ਸਿਹਤ ਸਬੰਧੀ ਕਾਰਨਾਂ ਕਰਕੇ ਪੀਜੀਆਈ ਦਾਖਲ ਹਨ ਤੇ ਪਿੱਛੇ ਜਿਹੇ ਉਨ੍ਹਾਂ ਦੀ ਆਕਸੀਜ਼ਨ ਦਾ ਪੱਧਰ ਵੀ ਕਾਫੀ ਹੇਠਾਂ ਚਲਾ ਗਿਆ ਸੀ। ਸਿਹਤ ਠੀਕ ਨਾ ਹੋਣ ਕਾਰਨ ਉਹ ਇਸ ਵਾਰ ਵਿਧਾਨ ਸਭਾ ਸੈਸ਼ਨ ’ਚ ਹਿੱਸਾ ਵੀ ਨਹੀਂ ਲੈ ਸਕੇ ਸਨ।