ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਅਕਤੂਬਰ
ਸਿਟੀ ਬਿਊਟੀਫੁਲ ਦੇ ਵਸਨੀਕਾਂ ਨੇ ਦੀਵਾਲੀ ਤੋਂ ਅਗਲੇ ਦਿਨ ਪਾਬੰਦੀ ਦੇ ਬਾਵਜੂਦ ਪਟਾਕੇ ਚਲਾ ਕੇ ਪ੍ਰਸ਼ਾਸਨਿਕ ਆਦੇਸ਼ਾਂ ਦੀਆਂ ਧੱਜੀਆਂ ਉਡਾਈਆਂ। ਇਸ ਨਾਲ ਵੱਡੇ ਪੱਧਰ ’ਤੇ ਹਵਾ ਅਤੇ ਆਵਾਜ਼ ਪ੍ਰਦੂਸ਼ਣ ਹੋਇਆ ਹੈ। ਇਸ ਦੇ ਬਾਵਜੂਦ ਚੰਡੀਗੜ੍ਹ ਦੀ ਪੁਲੀਸ ਕਿਸੇ ਵੀ ਵਿਅਕਤੀ ’ਤੇ ਪਟਾਕੇ ਚਲਾਉਣ ਸਬੰਧੀ ਕਾਰਵਾਈ ਕਰਨ ਵਿੱਚ ਨਾਕਾਮ ਰਹੀ ਹੈ। ਇਸੇ ਕਰ ਕੇ ਬਿਨਾਂ ਕਿਸੇ ਡਰ ਤੋਂ ਚੰਡੀਗੜ੍ਹੀਏ ਦੀਵਾਲੀ ਤੋਂ ਅਗਲੇ ਦਿਨ ਮੰਗਲਵਾਰ ਨੂੰ ਦੇਰ ਰਾਤ ਤੱਕ ਪਟਾਕੇ ਚਲਾਉਂਦੇ ਰਹੇ। ਅਜਿਹਾ ਕਰਨਾ ਜਿੱਥੇ ਸ਼ੋਰ ਪ੍ਰਦੂਸ਼ਣ ਤੋਂ ਇਲਾਵਾ ਹਵਾ ਪ੍ਰਦੂਸ਼ਣ ਵਧਾਊਣ ਦਾ ਕਾਰਨ ਬਣਿਆ ਹੈ।
ਗ਼ੌਰਤਲਬ ਹੈ ਕਿ ਯੂਟੀ ਪ੍ਰਸ਼ਾਸਨ ਨੇ ਦੀਵਾਲੀ ਵਾਲੇ ਦਿਨ ਰਾਤ ਨੂੰ 8 ਤੋਂ 10 ਵਜੇ ਤੱਕ ਸਿਰਫ਼ ਦੋ ਘੰਟੇ ਪਟਾਕੇ ਚਲਾਉਣ ਦੀ ਪ੍ਰਵਾਨਗੀ ਦਿੱਤੀ ਸੀ। ਇਸ ਦੇ ਬਾਵਜੂਦ ਲੋਕ ਦੇਰ ਰਾਤ ਤੱਕ ਪਟਾਕੇ ਚਲਾਉਂਦੇ ਰਹੇ।
ਇਨ੍ਹਾਂ ਹੀ ਨਹੀਂ ਦੀਵਾਲੀ ਵਾਲੇ ਦਿਨ ਸ਼ਹਿਰ ਵਿੱਚ ਸਖ਼ਤ ਪਹਿਰਾ ਦੇਣ ਦਾ ਦਾਅਵਾ ਕਰਨ ਵਾਲੀ ਪੁਲੀਸ ਵੀ ਸਿਰਫ਼ ਦੋ ਜਣਿਆਂ ਖ਼ਿਲਾਫ਼ ਹੀ ਕੇਸ ਦਰਜ ਕਰ ਸਕੀ ਹੈ। ਦੋਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਪਰ ਤੁਰੰਤ ਦੋਵਾਂ ਦੀ ਜ਼ਮਾਨਤ ਹੋ ਗਈ।
ਦੀਵਾਲੀ ਵਾਲੀ ਰਾਤ ਨੂੰ ਸ਼ਹਿਰ ਵਿੱਚ ਭਾਰੀ ਮਾਤਰਾ ਵਿੱਚ ਪਟਾਕੇ ਚੱਲਣ ਕਰ ਕੇ ਸਿਟੀ ਬਿਊਟੀਫੁਲ ਦੀ ਆਬੋ-ਹਵਾ ਆਮ ਦਿਨਾਂ ਦੇ ਮੁਕਾਬਲੇ ਖ਼ਰਾਬ ਰਹੀ। ਚੰਡੀਗੜ੍ਹ ਪ੍ਰਦੂਸ਼ਣ ਕੰਟਰੋਲ ਕਮੇਟੀ ਵੱਲੋਂ ਸ਼ਹਿਰ ਦੀ ਆਬੋ-ਹਵਾ ’ਤੇ ਨਿਗਰਾਨੀ ਰੱਖਣ ਲਈ 24 ਘੰਟੇ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ। ਹਵਾ ਦੀ ਗੁਣਵੱਤਾ ਵਿੱਚ ਦੀਵਾਲੀ ਤੋਂ ਅਗਲੇ ਦਿਨ ਵੀ ਸੁਧਾਰ ਨਾ ਆਇਆ।
ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਦੀਵਾਲੀ ਤੋਂ ਦੋ ਦਿਨ ਬਾਅਦ ਬੁੱਧਵਾਰ ਨੂੰ ਏਕਿਊਆਈ 150 ਦੇ ਕਰੀਬ ਦਰਜ ਕੀਤਾ ਗਿਆ ਹੈ। ਪ੍ਰਦੂਸ਼ਣ ਕੰਟਰੋਲ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੀਵਾਲੀ ਤੋਂ ਬਾਅਦ ਵੀ ਸ਼ਹਿਰ ਵਿੱਚ ਯੈਲੋ ਐਲਰਟ ਜਾਰੀ ਕੀਤਾ ਗਿਆ ਹੈ। ਇਸ ਅਨੁਸਾਰ ਸ਼ਹਿਰ ਵਿੱਚ ਪ੍ਰਦੂਸ਼ਣ ਦੀ ਮਾਤਰਾ ਵੱਧ ਹੈ, ਜੋ ਬਜ਼ੁਰਗਾਂ ਅਤੇ ਸਾਹ ਦੇ ਮਰੀਜ਼ਾਂ ਲਈ ਘਾਤਕ ਹੈ।