
ਆਤਿਸ਼ ਗੁਪਤਾ
ਚੰਡੀਗੜ੍ਹ, 4 ਫਰਵਰੀ
ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਰਹਿਣ ਵਾਲੇ ਲੋਕ ਸੰਪਰਕ ਸੈਂਟਰ ਤੋਂ ਮਿਲਣ ਵਾਲੀਆਂ ਸਹੂਲਤਾਂ ਨੂੰ ਘਰ ਬੈਠੇ ਹਾਸਲ ਕਰ ਸਕਣਗੇ। ਆਈਟੀ ਵਿਭਾਗ ਵੱਲੋਂ ਸੰਪਰਕ ਸੈਂਟਰ ਦੀਆਂ ਸਹੂਲਤਾਂ ਲੋਕਾਂ ਦੇ ਘਰਾਂ ਤੱਕ ਪਹੁੰਚਾਉਣ ਲਈ ਤਿਆਰ ਕੀਤੇ ਪ੍ਰਾਜੈਕਟ ਨੂੰ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਨੇ ਮਨਜ਼ੂਰ ਕਰ ਲਿਆ ਹੈ। ਹੁਣ ਟੌਲ ਫਰੀ ਨੰਬਰ ਰਾਹੀ ਬੁਕਿੰਗ ਕਰਵਾ ਕੇ ਸੰਪਰਕ ਸੈਂਟਰ ਤੋਂ ਮੁਲਾਜ਼ਮ ਅਰਜ਼ੀਕਾਰ ਦੇ ਘਰ ਤੱਕ ਆਵੇਗਾ ਅਤੇ ਕੰਮ ਨੂੰ ਸਿਰੇ ਚੜ੍ਹਵਾਵੇਗਾ।
ਯੂਟੀ ਪ੍ਰਸ਼ਾਸਨ ਨੇ ਸੰਪਰਕ ਸੈਂਟਰ ਤੋਂ ਮਿਲਣ ਵਾਲੀਆਂ 54 ਸੇਵਾਵਾਂ ਨੂੰ ਘਰਾਂ ਤੱਕ ਪਹੁੰਚਾਉਣ ਲਈ ਕੀਮਤ ਤੈਅ ਕੀਤੀ ਗਈ ਹੈ। ਪ੍ਰਸ਼ਾਸਨ ਦੇ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ਵਾਸੀਆਂ ਨੂੰ ਘਰ ਬੈਠੇ ਸੰਪਰਕ ਸੈਂਟਰ ਦੀਆਂ ਸੇਵਾਵਾਂ ਲੈਣ ਲਈ 200 ਰੁਪਏ (ਟੈਕਸ ਸਮੇਤ) ਅਦਾ ਕਰਨੇ ਪੈਣਗੇ। ਜਦੋਂ ਕਿ ਉਸ ਦੇ ਨਾਲ ਹੀ ਹੋਰ ਕੋਈ ਸੇਵਾ ਹਾਸਿਲ ਕਰਨ ਲਈ 100 ਰੁਪਏ (ਟੈਕਸ) ਸਮੇਤ ਵੱਖਰਾ ਭੁਗਤਾਨ ਕਰਨਾ ਪਵੇਗਾ। ਇਸ ਤੋਂ ਇਲਾਵਾ ਸੰਪਰਕ ਸੈਂਟਰਾਂ ’ਤੇ ਪਹਿਲਾਂ ਵਾਂਗ ਸੇਵਾਵਾਂ ਵੀ ਜਾਰੀ ਰਹਿਣਗੀਆਂ, ਜਿੱਥੇ ਜਾ ਕੇ ਕੋਈ ਵੀ ਕੰਮ ਕਰਵਾ ਸਕਦਾ ਹੈ।
ਯੂਟੀ ਦੇ ਪ੍ਰਸ਼ਾਸਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਡਿਜੀਟਲ ਇੰਡੀਆ ਦੇ ਵਿਜ਼ਨ ਨੂੰ ਲਾਗੂ ਕਰਦਿਆਂ ਸੰਪਰਕ ਵੈੱਬਸਾਈਟ ਜਾਂ ਐੱਪ ਰਾਹੀਂ ਆਨਲਾਈਨ ਪ੍ਰਾਪਤ ਕੀਤੀਆਂ ਵਾਲੀਆਂ ਸਾਰੀਆਂ ਸੇਵਾਵਾਂ ਦੇ ਖਰਚਿਆਂ ’ਤੇ ਵੀ 50 ਫ਼ੀਸਦ ਦੀ ਛੁੱਟ ਦੇ ਦਿੱਤੀ ਹੈ। ਯੂਟੀ ਪ੍ਰਸ਼ਾਸਨ ਨੇ ਪਿਛਲੇ ਦਿਨੀਂ ਸੰਪਰਕ ਸੈਂਟਰ ਤੋਂ ਮਿਲਣ ਵਾਲੀਆਂ ਸਹੂਲਤਾਂ ’ਤੇ ਕੋਈ ਵਾਧੂ ਖਰਚਾ ਨਾ ਲਗਾਉਣ ਦਾ ਫ਼ੈਸਲਾ ਕੀਤਾ ਹੈ। ਜਦੋਂ ਕਿ ਵਿਸ਼ੇਸ਼ ਤੌਰ ’ਤੇ ਅਨੁਸੂਚਿਤ ਜਾਤੀ ਨਾਲ ਸਬੰਧਿਤ ਸੇਵਾਵਾਂ ’ਤੇ ਕੋਈ ਵੀ ਵਾਧੂ ਖਰਚਾ ਨਾ ਲਾਉਣ ਦਾ ਫ਼ੈਸਲਾ ਕੀਤਾ ਹੈ। ਪ੍ਰਸ਼ਾਸਨਿਕ ਅਧਿਕਾਰੀ ਨੇ ਦੱਸਿਆ ਕਿ ਅਨੁਸੂਚਿਤ ਜਾਤੀ ਨਾਲ ਸਬੰਧਿਤ ਸੇਵਾਵਾਂ ਵਿੱਚ ਅਨੁਸੂਚਿਤ ਜਾਤੀ ਸਰਟੀਫਿਕੇਟ, ਹੋਰ ਪੱਛੜੀ ਸ਼੍ਰੇਣੀਆਂ ਦਾ ਸਰਟੀਫਿਕੇਟ, ਕਾਨੂੰਨੀ ਵਾਰਸ ਸਰਟੀਫਿਕੇਟ, ਚਰਿੱਤਰ ਸਰਟੀਫਿਕੇਟ, ਜਨਮ ਤੇ ਮੌਤ ਦਾ ਸਰਟੀਫਿਕੇਟ, ਕਿਰਾਏਦਾਰ ਅਤੇ ਨੌਕਰ ਦੀ ਤਸਦੀਕ ਆਦਿ ਦੇ ਦਸਤਾਵੇਸ਼ ਸ਼ਾਮਲ ਹਨ। ਗੌਰਤਲਬ ਹੈ ਕਿ ਸ਼ਹਿਰ ਵਿੱਚ ਲੋਕਾਂ ਦੀ ਸੇਵਾ ਲਈ 18 ਸੰਪਰਕ ਸੈਂਟਰਾਂ, 24 ਮਿੰਨੀ ਸੰਪਰਕ ਸੈਂਟਰ ਅਤੇ 3 ਐਕਸਟੇਂਸ਼ਨ ਸੰਪਰਕ ਸੈਂਟਰ ਚੱਲ ਰਹੇ ਹਨ।
ਨੌਂ ਸੇਵਾਵਾਂ ’ਤੇ ਸੁਵਿਧਾ ਚਾਰਜ ਲਗਾਇਆ
ਯੂਟੀ ਪ੍ਰਸ਼ਾਸਨ ਨੇ ਪਿਛਲੇ ਦਿਨੀਂ ਸੰਪਰਕ ਸੈਂਟਰ ਤੋਂ ਮਿਲਣ ਵਾਲੀਆਂ ਸਾਰੀਆਂ ਸੇਵਾਵਾਂ ’ਤੇ ਸੁਵਿਧਾ ਚਾਰਜ ਲਗਾਉਣ ਦਾ ਫ਼ੈਸਲਾ ਕੀਤਾ ਸੀ, ਪਰ ਲੋਕਾਂ ਦੇ ਵਿਰੋਧ ਦੇ ਚਲਦਿਆਂ ਉਸ ਨੂੰ ਲਾਗੂ ਨਹੀਂ ਕੀਤਾ ਗਿਆ। ਯੂਟੀ ਪ੍ਰਸ਼ਾਸਨ ਨੇ ਸੰਪਰਕ ਸੈਂਟਰਾਂ ਵਿੱਚ ਮਿਲਣ ਵਾਲੀਆਂ 9 ਸੇਵਾਵਾਂ ’ਤੇ ਸੁਵਿਧਾ ਚਾਰਜ ਲਗਾਉਣ ਦਾ ਫ਼ੈਸਲਾ ਕੀਤਾ ਹੈ। ਇਸ ਵਿੱਚ ਬਿਜਲੀ ਬਿੱਲ ਦਾ ਭੁਗਤਾਨ ਕਰਨ ਲਈ 20 ਰੁਪਏ, ਕਾਲਜ ਦਾਖਲੇ ਦੀ ਅਰਜੀ ਅਤੇ ਫੀਸ ਜਮ੍ਹਾਂ ਕਰਵਾਉਣ ਲਈ 30 ਰੁਪਏ, ਪਾਣੀ ਤੇ ਸੀਵਰੇਜ ਦੇ ਬਿੱਲ ਦਾ ਭੁਗਤਾਨ ਲਈ 10-10 ਰੁਪਏ, ਈ-ਸਟੈਂਪ ਪੇਪਰ ਲਈ 10 ਰੁਪਏ ਸੁਵਿਧਾ ਚਾਰਜ ਲਾਏ ਗਏ ਹਨ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ