ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਫਰਵਰੀ
ਸਿਟੀ ਬਿਊਟੀਫੁੱਲ ’ਚ ਦੋ ਸਾਲਾਂ ਤੋਂ ਕਰੋਨਾ ਮਹਾਮਾਰੀ ਕਰਕੇ ਬੰਦਿਸ਼ਾਂ ਦਾ ਸਾਹਮਣਾ ਕਰ ਰਹੇ ਸ਼ਹਿਰ ਦੇ ਨੌਜਵਾਨਾਂ ਨੇ ‘ਵੈਲਨਟਾਈਨ ਡੇਅ’ ਦਾ ਖੂਬ ਆਨੰਦ ਮਾਨਿਆ। ਇਸ ਦੌਰਾਨ ਨੌਜਵਾਨ ਮੁੰਡੇ-ਕੁੜੀਆਂ ਦੇ ਜੋੜੇ ਘੁੰਮਦੇ ਦਿਖਾਈ ਦਿੱਤੇ। ਇਸ ਕਾਰਨ ਸ਼ਹਿਰ ਦੀ ਸੁਖਨਾ ਝੀਲ, ਰੌਕ ਗਾਰਡਨ, ਬਰਡ ਪਾਰਕ, ਰੋਜ਼ ਗਾਰਡਨ, ਏਲਾਂਤੇ ਮਾਲ, ਸੈਰ ਸਪਾਟੇ ਵਾਲੀਆਂ ਥਾਵਾਂ ਅਤੇ ਖਾਣ-ਪੀਣ ਵਾਲੀਆਂ ਦੁਕਾਨਾਂ ’ਤੇ ਦਿਨ ਭਰ ਭੀੜ ਲੱਗੀ ਰਹੀ। ਇਸ ਦੇ ਨਾਲ ਹੀ ਪੁਲੀਸ ਨੇ ਵੀ ਸ਼ਹਿਰ ਵਿੱਚ ਦਿਨ ਭਰ ਸਖਤੀ ਕੀਤੀ ਗਈ ਤੇ ਪੁਲੀਸ ਨੇ 801 ਵਾਹਨਾਂ ਦੀ ਚੈਕਿੰਗ ਕੀਤੀ ਅਤੇ 121 ਵਾਹਨਾਂ ਦੇ ਚਲਾਨ ਕੀਤੇ। ਨੌਜਵਾਨ ਮੁੰਡੇ-ਕੁੜੀਆਂ ਵਿੱਚ ਵੈਲਨਟਾਈਨ ਡੇਅ ਦੇ ਉਤਸ਼ਾਹ ਦੇ ਚੱਲਦਿਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੁਖਨਾ ਝੀਲ ਤੋਂ ਰੌਕ ਗਾਰਡਨ ਤੱਕ ਜਾਮ ਵਰਗੇ ਹਾਲਾਤ ਬਣੇ ਰਹੇ ਹਨ। ਇਸ ਦਾ ਅਸਰ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਦੇਖਣ ਨੂੰ ਮਿਲਿਆ ਹੈ। ਅੱਜ ਸ਼ਹਿਰ ਵਿੱਚ ਫੁੱਲ, ਗਰੀਟਿੰਗ ਕਾਰਡ ਅਤੇ ਗੁਬਾਰੇ ਵੇਚਣ ਵਾਲੀਆਂ ਦੁਕਾਨਾਂ ’ਤੇ ਦਿਨ-ਭਰ ਨੌਜਵਾਨਾਂ ਦੀ ਭੀੜ ਲੱਗੀ ਰਹੀ ਹੈ। ਦੂਜੇ ਪਾਸੇ ਚੰਡੀਗੜ੍ਹ ਪੁਲੀਸ ਨੇ ਵੀ ਸ਼ਰਾਰਤੀ ਅਨਸਰਾਂ ’ਤੇ ਕਾਬੂ ਪਾਉਣ ਲਈ ਪੁਲੀਸ ਨੇ ਸਿਵਲ ਕਪੜਿਆਂ ਵਿੱਚ ਗਸ਼ਤ ਕੀਤੀ ਗਈ। ਪਰ ਸ਼ਹਿਰ ਵਿੱਚ ਇਸ ਤਰ੍ਹਾਂ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ। ਪੁਲੀਸ ਨੇ ਸ਼ਹਿਰ ਵਿੱਚ ਅਮਨ ’ਤੇ ਕਾਨੂੰਨੀ ਦੀ ਸਥਿਤੀ ਨੂੰ ਕਾਇਮ ਰੱਖਣ ਲਈ 7 ਡੀਐੱਸਪੀ ਤੇ 21 ਐੱਸਐੱਚਓ ਦੀ ਅਗਵਾਈ ਹੇਠ 750 ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਹਨ। ਜਿਨ੍ਹਾਂ ਨੇ ਸ਼ਹਿਰ ਵਿੱਚ 43 ਥਾਵਾਂ ’ਤੇ ਨਾਕਾਬੰਦੀ ਕੀਤੀ ਗਈ ਤਾਂ ਜੋ ਸ਼ਹਿਰ ਵਿੱਚ ਹੁਲੜਬਾਜੀ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾ ਸਕੇ।