ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 30 ਮਾਰਚ
ਇਥੋਂ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਸੈਕਟਰ-18 ਦੀ ਜਯਾ ਗੋਸਵਾਮੀ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪ੍ਰੋਗਰਾਮ ‘ਪ੍ਰੀਕਸ਼ਾ ਪੇ ਚਰਚਾ’ ਲਈ ਚੋਣ ਹੋਈ ਹੈ, ਜੋ ਪਹਿਲੀ ਅਪਰੈਲ ਨੂੰ ਹੋਵੇਗਾ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਜਯਾ ਸਣੇ ਹੋਰ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦੇਣਗੇ। ਇਹ ਸਮਾਗਮ ਪ੍ਰੀਕਸ਼ਾ ਪੇ ਚਰਚਾ ਦਾ ਪੰਜਵਾਂ ਐਡੀਸ਼ਨ ਹੋਵੇਗਾ ਜਿਸ ਵਿਚ ਵਿਦਿਆਰਥੀ ਪ੍ਰੀਖਿਆਵਾਂ ਦੇ ਤਣਾਅ ਤੇ ਉਸ ਨਾਲ ਸਬੰਧਤ ਸਵਾਲਾਂ ਦੇ ਜਵਾਬ ਦੇਣਗੇ। ਪ੍ਰੈਸ ਇਨਫਰਮੇਸ਼ਨ ਬਿਊਰੋ ਦੇ ਡਾਇਰੈਕਟਰ ਪਵਿੱਤਰ ਸਿੰਘ ਨੇ ਦੱਸਿਆ ਕਿ ਦੇਸ਼ ਭਰ ਦੇ ਚੁਣੇ ਹੋਏ ਵਿਦਿਆਰਥੀ ਆਪਣੇ ਸੂਬੇ ਦੇ ਰਾਜਪਾਲਾਂ ਦੀ ਮੌਜੂਦਗੀ ਵਿਚ ਰਾਜ ਭਵਨ ਵਿਚ ਸਮਾਗਮ ਦੇਖਣਗੇ। ਇਸ ਦਾ ਮੁੱਖ ਸਮਾਗਮ ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਤੋਂ ਟਾਊਨ ਹਾਲ ਇੰਟਰੈਕਟਿਵ ਫਾਰਮੈਟ ਵਿਚ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿਚ ਜ਼ਿਆਦਾਤਰ ਵਿਦਿਆਰਥੀ ਕਰੀਏਟਿਵ ਰਾਈਟਿੰਗ ਮੁਕਾਬਲੇ ਦੇ ਆਧਾਰ ’ਤੇ ਸ਼ਾਰਟਲਿਸਟ ਕੀਤੇ ਗਏ ਹਨ। ਇਸ ਵਾਰ 15.7 ਲੱਖ ਤੋਂ ਵੱਧ ਵਿਦਿਆਰਥੀਆਂ ਨੇ ਇਸ ਸਮਾਗਮ ਲਈ ਰਜਿਸਟਰੇਸ਼ਨ ਕਰਵਾਈ ਸੀ।
ਪ੍ਰੋਗਰਾਮ ਨੂੰ ਲੈ ਕੇ ਕਾਫ਼ੀ ਉਤਸੁਕ ਹੈ ਜਯਾ
ਚੰਡੀਗੜ੍ਹ ਦੇ ਸੈਕਟਰ-18 ਦੇ ਸਰਕਾਰੀ ਮਾਡਲ ਸੀਨੀਅਰ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੀ ਵਿਦਿਆਰਥਣ ਜਯਾ ਗੋਸਵਾਮੀ ਆਰਟਸ ਦੀ ਵਿਦਿਆਰਥਣ ਹੈ, ਜਿਸ ਦੇ ਸਵਾਲ ਰਿਕਾਰਡ ਕੀਤੇ ਜਾ ਰਹੇ ਹਨ। ਜਯਾ ਨੇ ‘ਪੰਜਾਬੀ ਟ੍ਰਿਬਿਊਨ’ ਨੂੰ ਦੱਸਿਆ ਕਿ ਉਸ ਨੇ ਇਸ ਸਮਾਗਮ ਦੇ ਦੋ ਐਡੀਸ਼ਨ ਦੇਖੇ ਹਨ ਤੇ ਉਹ ਇਸ ਤੋਂ ਬਹੁਤ ਉਤਸ਼ਾਿਹਤ ਹੈ। ਉਸ ਦੀ ਚੋਣ ਜਨਵਰੀ ਵਿਚ ਫੋਨ ਜ਼ਰੀਏ ਹੋਈ ਸੀ ਤੇ ਉਸ ਨੂੰ ਮਾਣ ਮਹਿਸੂਸ ਹੋ ਰਿਹਾ ਹੈ ਕਿ ਉਹ ਚੰਡੀਗੜ੍ਹ ਤੋਂ ਚੁਣੀ ਗਈ ਹੈ। ਉਸ ਨੇ ਐਨਵਾਇਰਨਮੈਂਟ ਕੰਜ਼ਰਵੇਸ਼ਨ ਐਂਡ ਕਲਾਈਮੇਟ ਰਿਜੀਲੀਅੰਸ ’ਤੇ ਲੇਖ ਲਿਖਿਆ ਸੀ। ਇਸ ਤੋਂ ਇਲਾਵਾ ਉਸ ਨੇ ਪ੍ਰੀਖਿਆਵਾਂ ਦੌਰਾਨ ਕਿਵੇਂ ਤਣਾਅ ਨੂੰ ਦੂਰ ਕਰੀਏ ਬਾਰੇ ਬਿਹਤਰ ਜਵਾਬ ਦਿੱਤਾ ਸੀ ਜਿਸ ਕਾਰਨ ਉਸ ਦੀ ਚੋਣ ਹੋਈ ਹੈ।
ਸਰਕਾਰੀ ਸਕੂਲਾਂ ਵਿਚ ਟੀਵੀ ਤੇ ਕੇਬਲ ਕੁਨੈਕਸ਼ਨ ਦੇ ਪ੍ਰਬੰਧ ਕਰਨ ਲਈ ਸਰਕੁਲਰ
ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਅੱਜ ਸਕੂਲਾਂ ਦੇ ਮੁਖੀਆਂ ਨੂੰ ਸਰਕੁਲਰ ਜਾਰੀ ਕਰ ਕੇ ਕਿਹਾ ਕਿ ਜ਼ਿਆਦਾਤਰ ਸਕੂਲਾਂ ਵਿਚ ਟੀਵੀ ਆਦਿ ਹਨ, ਪਰ ਇਸ ਸਮਾਗਮ ਲਈ ਸਕੂਲਾਂ ਕੋਲ ਕੇਬਲ ਕੁਨੈਕਸ਼ਨ ਜਾਂ ਡੀਟੀਐਚ ਚਾਲੂ ਹਾਲਤ ਵਿਚ ਨਹੀਂ ਹਨ, ਇਸ ਕਰਕੇ ਸਕੂਲ ਇਸ ਸਬੰਧ ਵਿਚ ਅਗਾਊਂ ਪ੍ਰਬੰਧ ਕਰਨ ਤੇ ਪ੍ਰਧਾਨ ਮੰਤਰੀ ਦੇ ਸਮਾਗਮ ਵਿਚ ਵੱਧ ਤੋਂ ਵੱਧ ਵਿਦਿਆਰਥੀਆਂ ਦੀ ਹਾਜ਼ਰੀ ਯਕੀਨੀ ਬਣਾਉਣ। ਡਾਇਰੈਕਟਰ ਸਕੂਲ ਐਜੂਕੇਸ਼ਨ ਪਾਲਿਕਾ ਅਰੋੜਾ ਨੇ ਦੱਸਿਆ ਕਿ ਚੰਡੀਗੜ੍ਹ ਦੇ ਪ੍ਰਸ਼ਾਸਕ ਦੀ ਹਾਜ਼ਰੀ ਵਿਚ ਪੰਜਾਬ ਰਾਜ ਭਵਨ ਵਿਚ ਸਮਾਗਮ ਵਿਚ ਵਿਦਿਆਰਥੀ ਪ੍ਰਧਾਨ ਮੰਤਰੀ ਦੇ ਰੂਬਰੂ ਹੋਣਗੇ। ਇਸ ਸਮਾਗਮ ਵਿਚ 300 ਵਿਦਿਆਰਥੀਆਂ ਨੂੰ ਪ੍ਰੋਗਰਾਮ ਲਾਈਵ ਦੇਖਣ ਦਾ ਮੌਕਾ ਮਿਲੇਗਾ।