ਦਰਸ਼ਨ ਸਿੰਘ ਸੋਢੀ
ਮੁਹਾਲੀ, 21 ਮਾਰਚ
ਇਥੋਂ ਦੇ ਰਾਧਾ ਸੁਆਮੀ ਸਤਿਸੰਗ ਭਵਨ ਨੇੜੇ ਆਪਣੀ ਤੇਜ਼ ਰਫ਼ਤਾਰ ਮਰਸੀਡੀਜ਼ ਕਾਰ ਨਾਲ ਤਿੰਨ ਵਿਅਕਤੀਆਂ ਨੂੰ ਕੁਚਲਣ ਅਤੇ 3 ਹੋਰਨਾਂ ਨੂੰ ਗੰਭੀਰ ਜ਼ਖ਼ਮੀ ਕਰਨ ਦੇ ਮਾਮਲੇ ਵਿੱਚ ਮਟੌਰ ਪੁਲੀਸ ਨੇ ਮਰਸੀਡੀਜ਼ ਕਾਰ ਦੇ ਚਾਲਕ ਸਮਰਤਬੀਰ ਸਿੰਘ (18) ਵਾਸੀ ਸੈਕਟਰ-34ਡੀ, ਚੰਡੀਗੜ੍ਹ ਨੂੰ ਗ੍ਰਿਫ਼ਤਾਰ ਕੀਤਾ ਹੈ। ਉਹ ਵੈਲਡਨ ਆਪਟੀਕਲਜ਼ ਪਰਿਵਾਰ ਚੰਡੀਗੜ੍ਹ ਨਾਲ ਸਬੰਧਤ ਹੈ। ਮੁਲਜ਼ਮ ਨੌਜਵਾਨ ਕੋਲ ਡਰਾਈਵਿੰਗ ਲਾਇਸੈਂਸ ਵੀ ਨਹੀਂ ਹੈ ਅਤੇ ਸੜਕ ਹਾਦਸੇ ਦੇ ਸਮੇਂ ਉਸ ਨੇ ਸ਼ਰਾਬ ਪੀਤੀ ਹੋਈ ਸੀ। ਪੁਲੀਸ ਨੇ ਹਾਦਸੇ ਸਮੇਂ ਮਰਸੀਡਜ਼ ਕਾਰ ਵਿੱਚ ਸਵਾਰ ਚਾਲਕ ਦੇ ਦੋ ਦੋਸਤਾਂ ਅਰਜੁਨ ਅਤੇ ਪ੍ਰਭਨੂਰ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਗ੍ਰਿਫ਼ਤਾਰੀ ਤੋਂ ਬਾਅਦ ਮੁਲਜ਼ਮ ਦਾ ਸਰਕਾਰੀ ਹਸਪਤਾਲ ਵਿੱਚ ਕਰੋਨਾ ਟੈਸਟ ਕਰਵਾਇਆ ਗਿਆ ਹੈ। ਮੁਹਾਲੀ ਦੇ ਐੱਸਐੱਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਮਰਸੀਡੀਜ਼ ਕਾਰ ਦੇ ਚਾਲਕ ਸਮੇਤ ਉਸ ਦੇ ਦੋਵੇਂ ਦੋਸਤਾਂ ਨੇ ਸ਼ਰਾਬ ਪੀਤੀ ਹੋਈ ਸੀ। ਉਹ ਪੀੜਤਾਂ ਦੀ ਗੰਭੀਰ ਸਥਿਤੀ ਨੂੰ ਜਾਣਦੇ ਹੋਏ ਵੀ ਹਾਦਸੇ ਵਾਲੀ ਥਾਂ ਤੋਂ ਫ਼ਰਾਰ ਹੋ ਗਏ ਅਤੇ ਉਨ੍ਹਾਂ ਨੇ ਪੁਲੀਸ ਜਾਂ ਐਂਬੂਲੈਂਸ ਨੂੰ ਵੀ ਸੂਚਿਤ ਨਹੀਂ ਕੀਤਾ। ਪੁਲੀਸ ਨੇ ਮਰਸੀਡੀਜ ਕੋਲੋਂ ਸ਼ਰਾਬ ਦੀਆਂ ਖਾਲੀ ਬੋਤਲਾਂ ਵੀ ਬਰਾਮਦ ਕੀਤੀਆਂ ਹਨ। ਦੋ ਫ਼ਰਾਰ ਨੌਜਵਾਨਾਂ ਦੀ ਭਾਲ ਵਿੱਚ ਛਾਪੇ ਜਾਰੀ ਹਨ। ਅੱਜ ਸਰਕਾਰੀ ਹਸਪਤਾਲ ਵਿੱਚ ਅੰਕੁਸ਼ ਨਰੂਲਾ ਅਤੇ ਸਾਈਕਲ ਸਵਾਰ ਰਾਮ ਪ੍ਰਸ਼ਾਦ ਦਾ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਲਾਸ਼ਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ।