ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 20 ਜਨਵਰੀ
ਕਜੌਲੀ ਵਾਟਰ ਵਰਕਸ ਵਿੱਚ 66 ਕੇਵੀ ਗਰਿਡ ਸਬ-ਸਟੇਸ਼ਨ ਦੀ ਜ਼ਰੂਰੀ ਮੁਰੰਮਤ ਕਰਕੇ ਭਲਕੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਭਾਵਿਤ ਰਹੇਗੀ। ਚੰਡੀਗੜ੍ਹ ਨਗਰ ਨਿਗਮ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ੁੱਕਰਵਾਰ ਨੂੰ ਕਜੌਲੀ ਜਲ ਘਰ ਵਿੱਚ ਜ਼ਰੂਰੀ ਮੁਰੰਮਤ ਕਾਰਜਾਂ ਕਰਕੇ ਪਾਣੀ ਦੀ ਪੰਪਿੰਗ ਠੱਪ ਰਹੇਗੀ ਜਿਸ ਕਾਰਨ ਕਜੌਲੀ ਜਲਘਰ ਤੋਂ ਚੰਡੀਗੜ੍ਹ ਨੂੰ ਪਾਣੀ ਦੀ ਸਪਲਾਈ ਨਹੀਂ ਕੀਤੀ ਜਾਵੇਗੀ। ਨਿਗਮ ਅਨੁਸਾਰ ਭਲਕੇ ਸਵੇਰ ਵੇਲੇ ਪਾਣੀ ਦੀ ਸਪਲਾਈ ਆਮ ਦਿਨਾਂ ਵਾਂਗ ਪੂਰੇ ਪ੍ਰੈਸ਼ਰ ‘ਤੇ ਹੋਵੇਗੀ, ਪਰ ਸ਼ਾਮ ਵੇਲੇ ਪਾਣੀ ਦੀ ਸਪਲਾਈ ਘੱਟ ਪ੍ਰੈਸ਼ਰ ‘ਤੇ ਰਹੇਗੀ। ਨਗਰ ਨਿਗਮ ਪ੍ਰਸ਼ਾਸਨ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਲੋੜ ਅਨੁਸਾਰ ਸਵੇਰ ਵੇਲੇ ਪਾਣੀ ਸਟੋਰ ਕਰ ਕੇ ਰੱਖ ਲੈਣ।