ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 1 ਨਵੰਬਰ
ਚੰਡੀਗੜ੍ਹ ਦੀਆਂ ਵਿਰਾਸਤੀ ਵਸਤੂਆਂ ਦੀ ਸੰਭਾਲ ਲਈ ਫਰਾਂਸ ਤੋਂ 6 ਮਾਹਰਾਂ ਦੀ ਟੀਮ 15 ਨਵੰਬਰ ਤੋਂ ਚੰਡੀਗੜ੍ਹ ਦੇ 5 ਦਿਨਾਂ ਦੌਰੇ ਲਈ ਆ ਰਹੀ ਹੈ। ਇਹ ਟੀਮ ਯੂਟੀ ਪ੍ਰਸ਼ਾਸਨ ਦੀ ਮਦਦ ਕਰੇਗੀ। ਇਸ ਬਾਰੇ ਯੂਟੀ ਪ੍ਰਸ਼ਾਸਨ ਦੇ ਅਧਿਕਾਰੀ ਨੇ ਦੱਸਿਆ ਕਿ ਫਰਾਂਸ ਦੇ ਸੱਭਿਆਚਾਰ ਮੰਤਰਾਲੇ ਅਤੇ ਲੀਅ ਕਾਬੁਜ਼ੀਅਰ ਫਾਊਂਡੇਸ਼ਨ ਦੇ ਮਾਹਰਾਂ ਦੀ 6 ਮੈਂਬਰੀ ਟੀਮ ਪਹਿਲੀ ਵਾਰ ਸਿਟੀ ਬਿਊਟੀਫੁੱਲ ਦਾ ਦੌਰਾਨ ਕਰੇਗੀ। ਇਸ ਤੋਂ ਪਹਿਲਾਂ ਵੀ ਫਰਾਂਸ ਦੀ ਟੀਮ ਨੇ ਸਾਲ 2020 ਵਿੱਚ ਵਿਰਾਸਤੀ ਵਸਤੂਆਂ ਦੀ ਦੇਖ-ਭਾਲ ਲਈ ਚੰਡੀਗੜ੍ਹ ਆਉਣਾ ਸੀ ਪਰ ਕਰੋਨਾ ਮਹਾਮਾਰੀ ਕਰਕੇ ਦੌਰਾ ਰੱਦ ਕਰ ਦਿੱਤਾ ਸੀ। ਗੌਰਤਲਬ ਹੈ ਕਿ ਕੁਝ ਸਮੇਂ ਪਹਿਲਾਂ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨਾਲ ਫਰਾਂਸ ਦੇ ਰਾਜਦੂਤ ਨੇ ਮੁਲਾਕਾਤ ਦੌਰਾਨ ਕਿਹਾ ਸੀ ਕਿ ਫਰਾਂਸ ਦੇ ਮਾਹਰ ਚੰਡੀਗੜ੍ਹ ਦੇ ਕੈਪੀਟਲ ਕੰਪਲੈਕਸ ਅਤੇ ਹੋਰ ਖੁੱਲ੍ਹੀਆਂ ਮਜ਼ਬੂਤ ਕੰਕਰੀਟ ਇਮਾਰਤਾਂ ਦੀ ਨਿਰੀਖਣ ਕਰਨਗੇ।