ਆਤਿਸ਼ ਗੁਪਤਾ
ਮੁੱਖ ਅੰਸ਼
- ਸ਼ੁਰੂਆਤ ਵਿੱਚ ਸਟਾਰਟਅੱਪ ਦੀ ਵਿੱਤੀ ਮਦਦ ਕਰੇਗਾ ਪ੍ਰਸ਼ਾਸਨ
- ਪੰਜ ਸਾਲਾਂ ਤੱਕ ਹਰ ਵਰ੍ਹੇ ਗ੍ਰਾਂਟ ’ਚ ਹੋਵੇਗਾ 10 ਕਰੋੜ ਦਾ ਵਾਧਾ
-
ਫੰਡ ਦਾ 33 ਫ਼ੀਸਦ ਹਿੱਸਾ ਔਰਤਾਂ ਦੀ ਅਗਵਾਈ ਵਾਲੇ ਸਟਾਰਟਅੱਪ ਨੂੰ ਵਿਆਜ ਮੁਕਤ ਦਿੱਤਾ ਜਾਵੇਗਾ
ਚੰਡੀਗੜ੍ਹ, 3 ਸਤੰਬਰ
ਚੰਡੀਗੜ੍ਹ ’ਚ ਨਵਾਂ ਉਦਯੋਗ ਸਥਾਪਤ ਕਰਨ ਵਾਲੇ ਨੌਜਵਾਨਾਂ ਅਤੇ ਸਟਾਰਟਅੱਪ ਨੂੰ ਉਤਸ਼ਾਹਿਤ ਕਰਨ ਲਈ ਯੂਟੀ ਪ੍ਰਸ਼ਾਸਨ ਨੇ ਸਟਾਰਟਅੱਪ ਨੀਤੀ ਦਾ ਖਰੜਾ ਤਿਆਰ ਕਰ ਲਿਆ ਹੈ। ਇਸ ਨੀਤੀ ਤਹਿਤ ਨੌਜਵਾਨਾਂ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਲਈ ਯੂਟੀ ਪ੍ਰਸ਼ਾਸਨ ਵੱਲੋਂ ਵਿੱਤੀ ਮਦਦ ਕੀਤੀ ਜਾਵੇਗੀ। ਇਸ ਵਿੱਤੀ ਮਦਦ ਦਾ ਮਕਸਦ ਨੌਜਵਾਨਾਂ ਨੂੰ ਆਪਣੇ ਉਦਯੋਗ ਸਥਾਪਤ ਕਰਨ ਲਈ ਉਤਸ਼ਾਹਿਤ ਕਰਨਾ ਹੋਵੇਗਾ। ਯੂਟੀ ਪ੍ਰਸ਼ਾਸਨ ਵੱਲੋਂ ਸ਼ੁਰੂਆਤੀ ਪੜਾਅ ਵਿੱਚ ਇਕ ਫੰਡ ਸਥਾਪਤ ਕੀਤਾ ਜਾਵੇਗਾ, ਜਿਸ ਵਿੱਚ ਹਰ ਸਾਲ 10 ਕਰੋੜ ਰੁਪਏ ਦਾ ਵਾਧਾ ਕੀਤਾ ਜਾਵੇਗਾ। ਇਹ ਵਾਧਾ ਅਗਲੇ ਪੰਜ ਸਾਲਾਂ ਤੱਕ ਹੋਵੇਗਾ, ਜਿਸ ਨਾਲ ਸਟਾਰਟਅੱਪ ਦੀ ਮਦਦ ਲਈ ਰੱਖੇ ਫੰਡ ਵਿੱਚ 50 ਕਰੋੜ ਰਪਏ ਦਾ ਵਾਧਾ ਹੋ ਜਾਵੇਗਾ। ਯੂਟੀ ਪ੍ਰਸ਼ਾਸਨ ਵੱਲੋਂ ਸਟਾਰਟਅੱਪ ਦੇ ਨਾਲ-ਨਾਲ ਔਰਤਾਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣਗੀਆਂ।
ਪ੍ਰਾਪਤ ਜਾਣਕਾਰੀ ਅਨੁਸਾਰ ਯੂਟੀ ਪ੍ਰਸ਼ਾਸਨ ਵੱਲੋਂ ਤੈਅ ਕੀਤੇ ਗਏ ਕੁੱਲ ਫੰਡ ਦਾ 33 ਫ਼ੀਸਦ ਹਿੱਸਾ ਔਰਤਾਂ ਦੀ ਅਗਵਾਈ ਵਾਲੇ ਸਟਾਰਟਅੱਪਸ ਨੂੰ ਵਿਆਜ ਮੁਕਤ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਯੂਟੀ ਪ੍ਰਸ਼ਾਸਨ ਵੱਲੋਂ ਉਦਯੋਗ ਸਥਾਪਤ ਕਰਨ ਅਤੇ ਪ੍ਰਫੁੱਲਿਤ ਕਰਨ ਲਈ ਸਲਾਹ ਵੀ ਦਿੱਤੀ ਜਾਵੇਗੀ ਜਦੋਂ ਕਿ ਨੌਜਵਾਨਾਂ ਨੂੰ ਕੰਮਕਾਜ ਪ੍ਰਤੀ ਉਤਸ਼ਾਹਿਤ ਕਰਨ ਲਈ ਬੈਠ ਕੇ ਕੰਮ ਕਰਨ ਵਾਸਤੇ ਵਿਸ਼ੇਸ਼ ਥਾਂ ਵੀ ਮੁਹੱਈਆ ਕਰਵਾਈ ਜਾਵੇਗਾ। ਉਸ ਥਾਂ ’ਤੇ ਇੰਟਰਨੈੱਟ, ਪਾਵਰ ਬੈਕਅੱਪ, ਸੀਸੀਟੀਵੀ ਅਤੇ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਇਨ੍ਹਾਂ ਥਾਵਾਂ ’ਤੇ ਨੌਜਵਾਨ 24 ਘੰਟੇ ਬੈਠ ਕੇ ਕੰਮ ਕਰ ਸਕਣਗੇ।
ਪ੍ਰਸ਼ਾਸਨ ਵੱਲੋਂ ਸਟਾਰਟਅੱਪਸ ਨੂੰ ਉਤਸ਼ਾਹਿਤ ਕਰਨ ਲਈ ਵਰਕਸ਼ਾਪਾਂ ਲਗਾਈਆਂ ਜਾਣਗੀਆਂ, ਤਾਂ ਜੋ ਸਟਾਰਟਅੱਪ ਆਪਣੇ ਵਿਚਾਰ ਨਿਵੇਸ਼ਕਾਂ ਤੱਕ ਪਹੁੰਚਾ ਸਕਣ। ਇਸ ਤੋਂ ਇਲਾਵਾ ਨੌਜਵਾਨਾਂ ਦੇ ਗਿਆਨ ਅਤੇ ਕੰਮ ਦੀ ਸਮਰੱਥਾ ਦਾ ਆਦਾਨ‘ਪ੍ਰਦਾਨ ਕੀਤਾ ਜਾਵੇਗਾ। ਪ੍ਰਸ਼ਾਸਨ ਵੱਲੋਂ ਸਟਾਰਟਅੱਪ ਨੀਤੀ ਤਹਿਤ ਨੌਜਵਾਨਾਂ ਨੂੰ ਫੰਡ ਇਕੱਠਾ ਕਰਨ, ਆਪਣੇ ਬਰਾਂਡ ਅਤੇ ਕੰਪਨੀ ਦੀ ਰਜਿਸਟੇਸ਼ਨ ਕਰਵਾਉਣ ਅਤੇ ਹੋਰ ਵੱਖ-ਵੱਖ ਪਹਿਲੂਆਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਇਸ ਦੇ ਨਾਲ ਹੀ ਨੌਜਵਾਨਾਂ ਨੂੰ ਡਿਜੀਟਲ ਮਾਰਕੀਟਿੰਗ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਪ੍ਰਸ਼ਾਸਨ ਸਕੂਲ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੀ ਕੁਸ਼ਲਤਾ ਨੂੰ ਪ੍ਰਫੁੱਲਿਤ ਕਰਨ ਲਈ ਵੀ ਕੰਮ ਕਰੇਗਾ, ਇਸ ਲਈ ਕਾਲਜ ਪੱਧਰ ’ਤੇ ਉੱਦਮਤਾ ਸੈੱਲਾਂ ਦੀ ਸਥਾਪਨਾ ਕੀਤੀ ਜਾਵੇਗੀ। ਇਨ੍ਹਾਂ ਸੈੱਲਾਂ ਰਾਹੀਂ ਵਿਦਿਆਰਥੀਆਂ ਨੂੰ ਸਟਾਰਟਅੱਪਸ ਦੀਆਂ ਕਹਾਣੀਆਂ ਅਤੇ ਜੀਵਨੀ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਇਸ ਤਰ੍ਹਾਂ ਵਿਦਿਆਰਥੀ ਵੀ ਭਵਿੱਖ ਵਿੱਚ ਕੁਝ ਆਧੁਨਿਕ ਅਤੇ ਵੱਖਰਾ ਕਰ ਸਕਣਗੇ।