
ਭੂਚਾਲ ਆਉਣ ਮਗਰੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇਕ ਹੋਸਟਲ ਦੇ ਬਾਹਰ ਖੜ੍ਹੇ ਲੜਕੇ। -ਫੋਟੋ: ਪ੍ਰਦੀਪ ਤਿਵਾੜੀ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 21 ਮਾਰਚ
ਚੰਡੀਗੜ੍ਹ ਤੇ ਆਸ-ਪਾਸ ਦੇ ਇਲਾਕਿਆਂ ਵਿੱਚ ਦੇਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ ’ਤੇ ਇਸ ਭੂਚਾਲ ਦੀ ਤੀਬਰਤਾ 6.8 ਨਾਪੀ ਗਈ ਹੈ। ਰਾਤ 10.17 ਵਜੇ ਜਦੋਂ ਝਟਕੇ ਮਹਿਸੂਸ ਹੋਏ ਤਾਂ ਲੋਕ ਇਕਦਮ ਘਬਰਾ ਗਏ। ਇਸ ਮਗਰੋਂ ਸਹਿਮੇ ਹੋਏ ਲੋਕ ਆਪਣੇ ਪਰਿਵਾਰਾਂ ਸਮੇਤ ਘਰਾਂ ਵਿੱਚੋਂ ਬਾਹਰ ਨਿਕਲ ਆਏ। ਉਪਰਲੀਆਂ ਮੰਜ਼ਿਲਾਂ ’ਤੇ ਰਹਿੰਦੇ ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ’ਚ ਕਾਫ਼ੀ ਪ੍ਰੇਸ਼ਾਨੀ ਹੋਈ। ਜਦੋਂ ਕਿ ਅਜਿਹੇ ਸਮੇਂ ’ਚ ਲਿਫ਼ਟਾਂ ਦੀ ਵਰਤੋਂ ਨਹੀਂ ਕੀਤੀ ਜਾਂਦੀ ਇਸੇ ਕਰਕੇ ਲੋਕਾਂ ਨੇ ਪੌੜੀਆਂ ਤੋਂ ਹੇਠਾਂ ਵੱਲ ਰੁੱਖ ਕੀਤਾ। ਕਾਫੀ ਦੇਰ ਤਕ ਬਾਹਰ ਖੜ੍ਹਨ ਤੋਂ ਬਾਅਦ ਵੀ ਲੋਕਾਂ ਨੂੰ ਸ਼ੱਕ ਸੀ ਕਿ ਸ਼ਾਇਦ ਦੂਜੀ ਵਾਰ ਵੀ ਭੂਚਾਲ ਦੇ ਝਟਕੇ ਮਹਿਸੂਸ ਹੋ ਸਕਦੇ ਹਨ ਪਰ ਅਜਿਹਾ ਨਹੀਂ ਵਾਪਰਿਆ। ਵੇਰਵਿਆਂ ਮੁਤਾਬਕ ਭੂਚਾਲ ਦਾ ਕੇਂਦਰ ਅਫ਼ਗਾਨਿਸਤਾਨ ਦਾ ਹਿੰਦੂਕੁਸ਼ ਖੇਤਰ ਸੀ। ਫਿਲਹਾਲ ਕਿਸੇ ਮਾਲੀ ਜਾਂ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ