ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 18 ਅਕਤੂਬਰ
ਯੂਟੀ ਵਿੱਚ ਅੱਜ ਪਹਿਲੀ ਤੋਂ ਚੌਥੀ ਜਮਾਤ ਲਈ ਸਰਕਾਰੀ ਤੇ ਪ੍ਰਾਈਵੇਟ ਸਕੂਲ ਖੁੱਲ੍ਹ ਗਏ, ਪਰ ਪਹਿਲੇ ਦਿਨ ਵਿਦਿਆਰਥੀਆਂ ਦੀ ਗਿਣਤੀ ਘੱਟ ਰਹੀ। ਸਿੱਖਿਆ ਵਿਭਾਗ ਨੇ ਪਹਿਲੀ ਤੋਂ ਚੌਥੀ ਲਈ ਸਰਕਾਰੀ ਤੇ ਪ੍ਰਾਈਵੇਟ ਸਕੂਲ 18 ਅਕਤੂਬਰ ਤੋਂ ਖੁੱਲ੍ਹਣ ਦੇ ਹੁਕਮ ਜਾਰੀ ਕੀਤੇ ਸਨ, ਪਰ ਅੱਜ ਸਾਰੇ ਪ੍ਰਾਈਵੇਟ ਸਕੂਲ ਨਹੀਂ ਖੁੱਲ੍ਹੇ।ਪਤਾ ਲੱਗਾ ਹੈ ਕਿ ਪ੍ਰਾਈਵੇਟ ਸਕੂਲਾਂ ਵਿੱਚ ਵਿਦਿਆਰਥੀਆਂ ਦੇ ਆਉਣ ਦੀ ਦਰ 10 ਤੋਂ 20 ਫ਼ੀਸਦੀ ਰਹੀ। ਬੱਚਿਆਂ ਦਾ ਸਕੂਲ ਨਾ ਆਉਣ ਦਾ ਦੂਜਾ ਕਾਰਨ ਸਕੂਲ ਹਾਲੇ ਵੀ ਆਨਲਾਈਨ ਪੜ੍ਹਾਈ ਜਾਰੀ ਰੱਖ ਰਹੇ ਹਨ ਤੇ ਵਿਦਿਆਰਥੀਆਂ ਦੇ ਸਕੂਲ ਨਾ ਆਉਣ ’ਤੇ ਵੀ ਉਨ੍ਹਾਂ ਨੂੰ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ। ਭਵਨ ਵਿਦਿਆਲਿਆ ਸਕੂਲ ਸੈਕਟਰ-33 ਵਿੱਚ ਅੱਜ ਪਹਿਲੀ ਜਮਾਤ ਵਿੱਚ 120 ਵਿੱਚੋਂ 22 ਬੱਚੇ ਹੀ ਜਮਾਤਾਂ ਲਾਉਣ ਲਈ ਆਏ ਜੋ 18 ਫ਼ੀਸਦੀ ਬਣਦੇ ਹਨ। ਇਸੇ ਤਰ੍ਹਾਂ ਦੂਜੀ ਜਮਾਤ ਦੇ ਸਿਰਫ਼ 20 ਵਿਦਿਆਰਥੀ ਆਏ ਜੋ 20 ਫ਼ੀਸਦੀ ਬਣਦੇ ਹਨ। ਇਸੇ ਤਰ੍ਹਾਂ ਤੀਜੀ ਜਮਾਤ ਵਿੱਚ 13 ਫ਼ੀਸਦੀ ਦੀ ਦਰ ਨਾਲ 16 ਅਤੇ ਚੌਥੀ ਜਮਾਤ ਵਿੱਚ 15 ਫ਼ੀਸਦੀ ਦੀ ਦਰ ਨਾਲ 18 ਵਿਦਿਆਰਥੀ ਪੁੱਜੇ। ਦੂਜੇ ਪਾਸੇ ਸਕੂਲ ਪ੍ਰਬੰਧਕ ਕਰੋਨਾ ਸਾਵਧਾਨੀਆਂ ਦੀ ਪਾਲਣਾ ਕਰਵਾਉਂਦੇ ਰਹੇ। ਸਕੂਲਾਂ ਵਿੱਚ ਮਾਸਕ, ਸੈਨੇਟਾਈਜ਼ਰ ਤੇ ਹਵਾ ਦੀ ਨਿਕਾਸੀ ਦਾ ਪੁਖਤਾ ਪ੍ਰਬੰਧ ਕੀਤਾ ਗਿਆ। ਵਿਵੇਕ ਸਕੂਲ ਸੈਕਟਰ 38 ਦੀ ਪ੍ਰਿੰਸੀਪਲ ਨੇ ਦੱਸਿਆ ਕਿ ਅੱਜ ਸਿਰਫ਼ ਚੌਥੀ ਦੇ ਵਿਦਿਆਰਥੀ ਸੱਦੇ ਗਏ ਸਨ ਜੋ 40 ਫੀਸਦੀ ਆਏ ਤੇ ਪਹਿਲੀ ਤੋਂ ਤੀਜੀ ਜਮਾਤ ਨੂੰ 25 ਅਕਤੂਬਰ ਨੂੰ ਸੱਦਿਆ ਜਾਵੇਗਾ।
ਸਰਕਾਰੀ ਸਕੂਲਾਂ ਵਿੱਚ ਹਾਜ਼ਰੀ 15 ਫ਼ੀਸਦੀ ਰਹੀ
ਸਰਕਾਰੀ ਸਕੂਲਾਂ ਵਿੱਚ ਅੱਜ ਪਹਿਲੀ ਤੋਂ ਚੌਥੀ ਜਮਾਤ ਦੇ 15 ਫ਼ੀਸਦੀ ਵਿਦਿਆਰਥੀ ਹੀ ਆਏ। ਕਈ ਸਕੂਲਾਂ ਵਿੱਚ ਤਾਂ ਪਹਿਲੀ ਜਮਾਤ ’ਚ ਕੋਈ ਵਿਦਿਆਰਥੀ ਵੀ ਨਹੀਂ ਆਇਆ। ਇਸ ਤੋਂ ਇਲਾਵਾ ਛੇਵੀਂ ਤੋਂ ਅੱਠਵੀਂ ਜਮਾਤ ਦੇ ਅੱਜ 57 ਫ਼ੀਸਦੀ ਵਿਦਿਆਰਥੀ ਪੁੱਜੇ। ਸਿੱਖਿਆ ਵਿਭਾਗ ਦੇ ਅਧਿਕਾਰੀ ਅਨੁਸਾਰ ਅੱਜ ਪਹਿਲੀ ਜਮਾਤ ਤੋਂ ਅੱਠਵੀਂ ਜਮਾਤ ਵਿੱਚ ਵਿਦਿਆਰਥੀਆਂ ਦੀ ਦਰ 36 ਫ਼ੀਸਦੀ ਰਹੀ ਜਦਕਿ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ 38 ਫ਼ੀਸਦੀ ਵਿਦਿਆਰਥੀ ਸਕੂਲ ਆਏ। ਸਰਕਾਰੀ ਮਾਡਲ ਹਾਈ ਸਕੂਲ ਸੈਕਟਰ-42 ਵਿੱਚ ਪ੍ਰੀ ਨਰਸਰੀ ਤੇ ਪਹਿਲੀ ਜਮਾਤ ਦਾ ਕੋਈ ਵਿਦਿਆਰਥੀ ਨਹੀਂ ਆਇਆ ਜਦਕਿ ਦੂਜੀ ਵਿੱਚ 3, ਤੀਜੀ ਵਿੱਚ 20 ਤੇ ਚੌਥੀ ਵਿੱਚ 13 ਵਿਦਿਆਰਥੀ ਸਕੂਲ ਆਏ।