ਮੁਕੇਸ਼ ਕੁਮਾਰ
ਚੰਡੀਗ੍ਹੜ, 31 ਅਗਸਤ
ਚੰਡੀਗੜ੍ਹ ਦੀਆਂ ਸੜਕਾਂ ਦੀ ਹਾਲਤ ਪਹਿਲਾਂ ਹੀ ਬਹੁਤ ਵਧੀਆ ਨਹੀਂ ਸੀ ਪਰ ਮੌਨਸੂਨ ਦੌਰਾਨ ਪਏ ਮੀਂਹ ਨੇ ਇਨ੍ਹਾਂ ਦੀ ਹਾਲਤ ਹੋਰ ਵੀ ਬਦਤਰ ਕਰ ਦਿੱਤੀ ਹੈ। ਪਾਣੀ ਕਾਰਨ ਟੁੱਟੀਆਂ ਸੜਕਾਂ ਤੋਂ ਸ਼ਹਿਰ ਵਾਸੀ ਪ੍ਰੇਸ਼ਾਨ ਹਨ। ਸੜਕਾਂ ਵਿੱਚ ਥਾਂ ਥਾਂ ’ਤੇ ਪਏ ਟੋਏ ਅਤੇ ਟੋਇਆਂ ਵਿੱਚ ਖੜ੍ਹਾ ਪਾਣੀ ਵਾਹਨ ਚਾਲਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਿਆਂ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਨਗਰ ਨਿਗਮ ਪ੍ਰਸ਼ਾਸਨ ਨੂੰ ਅਜਿਹੀਆਂ ਸੜਕਾਂ ਦੀ ਪਛਾਣ ਕਰਕੇ ਛੇਤੀ ਤੋਂ ਛੇਤੀ ਮੁਰੰਮਤ ਕੀਤੀ ਜਾਵੇ ਤਾਂ ਕਿ ਟੁੱਟੀਆਂ ਸੜਕਾਂ ਕਾਰਨ ਹੋਣ ਵਾਲੇ ਹਾਦਸਿਆਂ ਅਤੇ ਹੋਰ ਪ੍ਰੇਸ਼ਾਨੀਆਂ ਤੋਂ ਬਚਿਆ ਜਾ ਸਕੇ। ਸ਼ਹਿਰ ਵਿੱਚ ਹੇਠਲੇ ਇਲਾਕਿਆਂ ਵਿੱਚ ਮੀਂਹ ਦਾ ਪਾਣੀ ਇਕੱਠਾ ਹੋਣ ਕਾਰਨ ਉਥੋਂ ਦੀਆਂ ਸੜਕਾਂ ਦਾ ਜ਼ਿਆਦਾ ਮਾੜਾ ਹਾਲ ਹੈ। ਇਥੇ ਸੈਕਟਰ 26 ਸਥਿਤ ਸਬਜ਼ੀ ਮੰਡੀ ਅਤੇ ਬਾਪੂਧਾਮ ਲਾਈਟ ਪੁਆਇੰਟ ਤੋਂ ਲੈ ਕੇ ਬਾਪੂਧਾਮ ਪੁਲੀਸ ਚੌਕੀ ਤੱਕ ਸੜਕਾਂ ਦਾ ਖਸਤਾ ਹਾਲ ਹੈ। ਇਥੋਂ ਦਾ ਵਾਸੀਆਂ ਦਾ ਕਹਿਣਾ ਹੈ ਕਿ ਸੜਕ ਦੀ ਖਸਤਾ ਹਾਲਤ ਹੋਣ ਕਰਕੇ ਇਥੇ ਹਰ ਰੋਜ਼ ਹਾਦਸੇ ਵਾਪਰ ਰਹੇ ਹਨ ਅਤੇ ਲੋਕ ਫੱਟੜ ਹੋ ਰਹੇ ਹਨ। ਬਾਪੂਧਾਮ ਕਲੋਨੀ ਦੀ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ (ਆਰਡਬਲਯੂਏ) ਦੇ ਪ੍ਰਧਾਨ ਕ੍ਰਿਸ਼ਨ ਲਾਲ ਅਤੇ ਜਨਰਲ ਸਕੱਤਰ ਜੇਪੀ ਚੌਧਰੀ ਨੇ ਦੱਸਿਆ ਕਿ ਇੱਥੋਂ ਦੇ ਵਸਨੀਕ ਬਾਪੂਧਾਮ ਕਲੋਨੀ ਵਿੱਚੋਂ ਨਿਕਲਣ ਵਾਲੇ ਕਿਸੇ ਵੀਵੀਆਈਪੀ ਦੀ ਚੰਡੀਗੜ੍ਹ ਫੇਰੀ ਦੌਰਾਨ ਉਨ੍ਹਾਂ ਦੇ ਕਾਫਲੇ ਦੀ ਇਸ ਸੜਕ ਤੋਂ ਗੁਜ਼ਰਨ ਦੀ ਉਡੀਕ ਕਰ ਰਹੇ ਹਨ ਤਾਂ ਜੋ ਇਸ ਟੁੱਟੀ ਸੜਕ ਨੂੰ ਪ੍ਰਸ਼ਾਸਨ ਜਾਂ ਨਿਗਮ ਅਧਿਕਾਰੀ ਬਣਾਉਣ ਵਿੱਚ ਫੁਰਤੀ ਦਿਖਾ ਸਕਣ। ਆਰਡਬਲਯੂਏ ਦੇ ਪ੍ਰਧਾਨ ਕ੍ਰਿਸ਼ਨ ਲਾਲ ਨੇ ਕਿਹਾ ਕਿ ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚੰਡੀਗੜ੍ਹ ਅਤੇ ਪੰਜਾਬ ਦਾ ਦੌਰਾ ਕੀਤਾ ਸੀ। ਜਿੱਥੋਂ ਉਨ੍ਹਾਂ ਦੇ ਵਾਹਨਾਂ ਦਾ ਕਾਫਲਾ ਗੁਜ਼ਰਨਾ ਸੀ, ਉਥੋਂ ਦੀਆਂ ਸੜਕਾਂ ਨੂੰ ਕੁਝ ਹੀ ਦਿਨਾਂ ਵਿੱਚ ਲਿਸ਼ਕਾ ਦਿੱਤਾ ਗਿਆ, ਪਰ ਇਥੇ ਬਾਪੂਧਾਮ ਦੀ ਇਸ ਮਾੜੀ ਸੜਕ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਕਰੀਬ ਇੱਕ ਸਾਲ ਪਹਿਲਾਂ ਇੱਥੇ ਸੀਵਰੇਜ ਲਾਈਨ ਵਿਛਾਈ ਗਈ ਸੀ। ਜਿਸ ਤੋਂ ਬਾਅਦ ਸੜਕ ਦਾ ਇਹ ਹਾਲ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਹ ਚੰਡੀਗੜ੍ਹ ਪ੍ਰਸ਼ਾਸਨ ਅਤੇ ਨਿਗਮ ਦੇ ਕਈ ਅਧਿਕਾਰੀਆਂ ਨੂੰ ਵਾਰ-ਵਾਰ ਦੱਸ ਚੁੱਕੇ ਹਨ ਪਰ ਕੋਈ ਕਾਰਵਾਈ ਨਹੀਂ ਹੋਈ।