ਆਤਿਸ਼ ਗੁਪਤਾ
ਚੰਡੀਗੜ੍ਹ, 9 ਜੁਲਾਈ
ਸ਼ਹਿਰ ਵਿੱਚ ਅੱਜ ਸਵੇਰ ਤੋਂ ਬੱਦਲ ਛਾਏ ਰਹੇ ਤੇ ਦੁਪਹਿਰ ਵੇਲੇ ਬੱਦਲਵਾਈ ਕਾਰਨ ਹਨੇਰਾ ਜਿਹਾ ਪਸਰ ਗਿਆ। ਇਸ ਮਗਰੋਂ ਭਰਵਾਂ ਮੀਂਹ ਪਿਆ। ਸ਼ਨੀਵਾਰ ਨੂੰ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅਤੇ ਘੱਟ ਤੋਂ ਘੱਟ ਤਾਪਮਾਨ 29.6 ਡਿਗਰੀ ਸੈਲਸੀਅਸ ਰਿਹਾ ਜੋ ਕਿ ਆਮ ਤੋਂ 4 ਡਿਗਰੀ ਸੈਲਸੀਅਸ ਘੱਟ ਸੀ। ਉੱਧਰ ਮੌਸਮ ਵਿਭਾਗ ਅਨੁਸਾਰ ਚੰਡੀਗੜ੍ਹ ਵਿੱਚ 42 ਐੱਮਐੱਮ ਮੀਂਹ ਪਿਆ।
ਇਸੇ ਦੌਰਾਨ ਅਗਲੇ ਚਾਰ ਦਿਨ ਮੀਂਹ ਪੈਣ ਤੇ ਹਨੇਰੀ ਚੱਲਣ ਦੀ ਚਿਤਾਵਨੀ ਦਿੱਤੀ ਗਈ ਹੈ। ਮੌਸਮ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਅਗਲੇ ਦਿਨਾਂ ਵਿੱਚ ਮੀਂਹ ਪੈਣ ਦੇ ਨਾਲ-ਨਾਲ ਤਾਪਮਾਨ ਵੀ ਡਿੱਗੇਗਾ ਜਿਸ ਕਾਰਨ ਹਫ਼ਤਾ ਭਰ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ।
ਮੌਸਮ ਵਿੱਚ ਇਸ ਤਬਦੀਲੀ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਤੇ ਸ਼ਹਿਰ ਵਾਸੀ ਮੌਸਮ ਦਾ ਆਨੰਦ ਮਾਣਦੇ ਦਿਖਾਈ ਦਿੱਤੇ। ਇਸ ਕਰਕੇ ਸੁਖਨਾ ਝੀਲ, ਰੌਕ ਗਾਰਡਨ ਤੇ ਰੋਜ਼ ਗਾਰਡਨ ਸਣੇ ਸ਼ਹਿਰ ਦੀਆਂ ਹੋਰਨਾਂ ਥਾਵਾਂ ’ਤੇ ਸੈਲਾਨੀਆਂ ਦੀ ਭੀੜ ਲੱਗੀ ਰਹੀ। ਸ਼ਾਮ ਸਮੇਂ ਲੋਕ ਸੁਖਨਾ ਝੀਲ ’ਤੇ ਵੱਡੀ ਗਿਣਤੀ ਵਿੱਚ ਪਹੁੰਚ ਕੇ ਮੌਸਮ ਦਾ ਆਨੰਦ ਮਾਨ ਰਹੇ ਸਨ।
ਨਗਰ ਕੌਂਸਲ ਦਫ਼ਤਰ ਵਿੱਚ ਮੀਂਹ ਦਾ ਪਾਣੀ ਭਰਿਆ
ਕੁਰਾਲੀ (ਮਿਹਰ ਸਿੰਘ): ਇਥੇ ਬਾਅਦ ਦੁਪਹਿਰ ਕੁਝ ਸਮੇਂ ਲਈ ਹੋਈ ਬਾਰਸ਼ ਨੇ ਕੌਂਸਲ ਦੇ ਬਰਸਾਤੀ ਪਾਣੀ ਦੀ ਨਿਕਾਸੀ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤਾ। ਮੀਂਹ ਕਾਰਨ ਕਾਰਨ ਸਾਰਾ ਸ਼ਹਿਰ ਜਲਥਲ ਹੋ ਗਿਆ। ਕੌਂਸਲ ਦੇ ਦਫ਼ਤਰ ਸਣੇ ਸ਼ਹਿਰ ਦੀਆਂ ਗਲੀਆਂ ਅਤੇ ਸੜਕਾਂ ਨੇ ਨਦੀਆਂ ਦਾ ਰੂਪ ਧਾਰਨ ਕਰ ਲਿਆ ਤੇ ਲੋਕਾਂ ਦੇ ਘਰਾਂ ਤੇ ਦੁਕਾਨਾਂ ਵਿੱਚ ਪਾਣੀ ਦਾਖਲ ਹੋ ਗਿਆ। ਚੰਡੀਗੜ੍ਹ ਰੋਡ ਉੱਤੇ ਖਾਲਸਾ ਸਕੂਲ ਸਾਹਮਣੇ, ਸਿੰਘਪੁਰਾ ਰੋਡ ਅਤੇ ਚਨਾਲੋਂ ਦੀਆਂ ਸੜਕਾਂ ਵੀ ਜਲਥਲ ਹੋ ਗਈਆਂ। ਨਗਰ ਖੇੜਾ ਧਰਮਸ਼ਾਲਾ ਚੌਕ ਵਿੱਚ ਚਾਰ ਫੁੱਟ ਡੂੰਘੇ ਪਾਣੀ ਵਿੱਚ ਬੱਚਿਆਂ ਨੇ ਹਠਖੇਲੀਆਂ ਕਰਦਿਆਂ ਕੌਂਸਲ ਦੇ ਨਿਕਾਸੀ ਪ੍ਰਬੰਧਾਂ ਦੀ ਪੋਲ ਖੋਲ੍ਹੀ। ਇਸੇ ਦੌਰਾਨ ਸ਼ਹਿਰ ਵਾਸੀਆਂ ਨੇ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਪਿਛਲੇ ਲੰਮੇਂ ਸਮੇਂ ਤੋਂ ਸ਼ਹਿਰ ਦੇ ਬਰਸਾਤੀ ਪਾਣੀ ਦੇ ਨਿਕਾਸ ਦਾ ਸਹੀ ਪ੍ਰਬੰਧ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਸ਼ਹਿਰ ਵਿੱਚ ਸੀਵਰੇਜ ਪਾਉਣ ਉੱਤੇ ਵੀ ਕਰੋੜਾਂ ਰੁਪਏ ਖਰਚ ਕੀਤੇ ਜਾ ਚੁੱਕੇ ਹਨ ਪਰ ਨਿਕਾਸੀ ਦੀ ਸਮੱਸਿਆ ਹੱਲ ਨਹੀਂ ਹੋ ਸਕੀ। ਉਨ੍ਹਾਂ ਨੇ ਸ਼ਹਿਰ ਦੇ ਨਿਕਾਸੀ ਪ੍ਰਬੰਧ ਨੂੰ ਸਹੀ ਕਰਨ ਦੀ ਮੰਗ ਕੀਤੀ ਹੈ।
ਮੀਂਹ ਕਾਰਨ ਜ਼ੀਰਕਪੁਰ ਹੋਇਆ ਪਾਣੀ-ਪਾਣੀ
ਜ਼ੀਰਕਪੁਰ (ਹਰਜੀਤ ਸਿੰਘ): ਸ਼ਹਿਰ ਵਿੱਚ ਅੱਜ ਪਏ ਇਕ ਘੰਟੇ ਦੇ ਮੀਂਹ ਨਾਲ ਥਾਂ ਥਾਂ ਪਾਣੀ ਭਰ ਗਿਆ। ਚੰਡੀਗੜ੍ਹ-ਅੰਬਾਲਾ ਸੜਕ ’ਤੇ ਫਲਾਈਓਵਰ ਹੇਠਾਂ ਪਾਣੀ ਭਰਨ ਨਾਲ ਆਵਾਜਾਈ ਵਿੱਚ ਅੜਿੱਕਾ ਪੈਂਦਾ ਹੋ ਗਿਆ। ਇਸ ਤੋਂ ਇਲਾਵਾ ਬਲਟਾਣਾ, ਲੋਹਗੜ੍ਹ, ਭਬਾਤ ਅਤੇ ਢਕੌਲੀ ਖੇਤਰ ਵਿੱਚ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ। ਸ਼ਹਿਰ ਵਿੱਚ ਅੱਜ ਦੁਪਹਿਰ ਬਾਅਦ ਇਕ ਘੰਟਾ ਤੇਜ਼ ਬਾਰਸ਼ ਹੋਈ। ਇਸੇ ਦੌਰਾਨ ਪਟਿਆਲਾ ਚੌਕ ’ਤੇ ਪਾਣੀ ਭਰ ਗਿਆ। ਮੈਟਰੋ ਸਟੋਰ ਦੇ ਸਾਹਮਣੇ ਵੀ ਸੜਕ ਨੇ ਛੱਪੜ ਦਾ ਰੂਪ ਧਾਰ ਲਿਆ। ਕੁਝ ਦੇਰ ਵਿੱਚ ਸ਼ਹਿਰ ਵਿੱਚ ਜਾਮ ਲੱਗ ਗਿਆ। ਸ਼ਹਿਰ ਵਿੱਚ ਮੀਂਹ ਦੇ ਪਾਣੀ ਦੇ ਨਿਕਾਸੀ ਪ੍ਰਬੰਧ ਨਾਕਾਮ ਸਾਬਤ ਹੋ ਰਹੇ ਹਨ। ਹਰੇਕ ਮੀਂਹ ਦੌਰਾਨ ਨਗਰ ਕੌਂਸਲ ਅਗਲੀ ਮੌਨਸੂਨ ਤੋਂ ਪਹਿਲਾਂ ਢੁੱਕਵੇਂ ਨਿਕਾਸੀ ਪ੍ਰਬੰਧ ਕਰਨ ਦਾ ਦਾਅਵਾ ਕਰਦਾ ਹੈ ਪਰ ਪਰਨਾਲਾ ਉਥੇਂ ਦਾ ਉਥੇ ਹੀ ਹੈ।ਸ਼ਹਿਰ ਵਾਸੀਆਂ ਨੇ ਨਗਰ ਕੌਂਸਲ ਨੂੰ ਠਪੀਲ ਕੀਤੀ ਹੈ ਬਰਸਾਤੀ ਪਾਣੀ ਦੀ ਨਿਕਾਸੀ ਲਈ ਪੱਕਾ ਪ੍ਰਬੰਧ ਕੀਤਾ ਜਾਵੇ।