ਪੱਤਰ ਪ੍ਰੇਰਕ
ਚੰਡੀਗੜ੍ਹ, 2 ਮਾਰਚ
ਸ਼੍ਰੋਮਣੀ ਅਕਾਲੀ ਦਲ ਦੀ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਅਤੇ ਨਗਰ ਨਿਗਮ ਚੰਡੀਗੜ੍ਹ ਦੇ ਵਾਰਡ ਨੰਬਰ 30 ਤੋਂ ਕੌਂਸਲਰ ਹਰਦੀਪ ਸਿੰਘ ਬੁਟੇਰਲਾ ਨੇ ਹਾਊਸ ਮੀਟਿੰਗ ਵਿੱਚ ਚੰਡੀਗੜ੍ਹ ਦਾ ਰਾਜ ਸਭਾ ਮੈਂਬਰ ਵੱਖਰਾ ਹੋਣ ਦੀ ਉੱਠੀ ਮੰਗ ਦਾ ਵਿਰੋਧ ਕੀਤਾ ਹੈ ਅਤੇ ਕਿਹਾ ਕਿ ਅਕਾਲੀ ਦਲ ਇਸ ਦਾ ਵਿਰੋਧ ਕਰਦਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੁਟੇਰਲਾ ਨੇ ਕਿਹਾ ਕਿ ਹਾਊਸ ਮੀਟਿੰਗ ਵਿੱਚ 34 ਮੈਂਬਰ ਉਕਤ ਮੰਗ ਦੇ ਹੱਕ ਵਿੱਚ ਸਨ ਜਦਕਿ ਸਿਰਫ਼ ਉਨ੍ਹਾਂ ਨੇ ਹੀ ਇਸ ਦਾ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਜਾਣ-ਬੁੱਝ ਕੇ ਇਸ ਗੱਲ ਦਾ ਗ਼ਲਤ ਪ੍ਰਚਾਰ ਕਰ ਰਹੇ ਹਨ ਜਦਕਿ ਹਕੀਕਤ ਇਹ ਹੈ ਕਿ ਅਕਾਲੀ ਦਲ ਇਸ ਮੰਗ ਦਾ ਵਿਰੋਧ ਕਰਦਾ ਹੈ।