ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 24 ਜੁਲਾਈ
ਸਿਟੀ ਬਿਊਟੀਫੁੱਲ ਵਿੱਚ 30 ਜੁਲਾਈ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਫੇਰੀ ਅਤੇ 15 ਅਗਸਤ ਨੂੰ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਚੰਡੀਗੜ੍ਹ ਪੁਲੀਸ ਪੁਰੀ ਤਰ੍ਹਾਂ ਚੌਕਸ ਦਿਖਾਈ ਦੇ ਰਹੀ ਹੈ ਜਿਸ ਵੱਲੋਂ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ’ਤੇ ਨਾਕੇਬੰਦੀ ਕਰਕੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਤਰਜ਼ ’ਤੇ ਚੰਡੀਗੜ੍ਹ ਪੁਲੀਸ ਨੇ ਭਾਰੀ ਗਿਣਤੀ ਵਿੱਚ ਪੁਲੀਸ ਨਾਲ ਸੈਕਟਰ 63 ਵਿੱਚ ਸਥਿਤ ਹਾਊਸਿੰਗ ਬੋਰਡ ਦੇ ਮਕਾਨਾਂ ਸਣੇ ਪੂਰੇ ਇਲਾਕੇ ਵਿੱਚ ਜਾਂਚ ਮੁਹਿੰਮ ਚਲਾਈ। ਪੁਲੀਸ ਦੇ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਨੇ ਇਲਾਕੇ ਵਿੱਚ ਰਹਿੰਦੇ ਪੀਜੀ, ਕਿਰਾਏਦਾਰਾਂ ਅਤੇ ਹੋਟਲਾਂ ਦੀ ਸ਼ਨਾਖਤ ਦੀ ਜਾਂਚ ਕੀਤੀ। ਇਸ ਦੌਰਾਨ ਪੁਲੀਸ ਨੂੰ 60 ਤੋਂ 70 ਜਣੇ ਸ਼ੱਕੀ ਪਾਏ ਗਏ, ਜਿਨ੍ਹਾਂ ਦੀ ਸ਼ਨਾਖਤ ਕਰਨ ਲਈ ਵੱਖਰੇ ਤੌਰ ’ਤੇ ਸੱਦਿਆ ਗਿਆ। ਪੁਲੀਸ ਨੇ ਸਾਰੇ ਨੌਜਵਾਨਾਂ ਨੂੰ ਸ਼ਨਾਖਤ ਤੋਂ ਬਾਅਦ ਛੱਡ ਦਿੱਤਾ ਹੈ। ਚੰਡੀਗੜ੍ਹ ਦੇ ਐੱਸਐੱਸਪੀ ਕੁਲਦੀਪ ਸਿੰਘ ਚਾਹਲ ਨੇ ਚੈਕਿੰਗ ਮੁਹਿੰਮ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਪੁਲੀਸ ਵੱਲੋਂ ਆਜ਼ਾਦੀ ਦਿਹਾੜੇ ਦੇ ਮੱਦੇਨਜਰ ਅਤੇ ਸ਼ਹਿਰ ਵਿੱਚ ਅਮਨ ਅਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਲਈ ਚੈਕਿੰਗ ਕੀਤੀ ਜਾ ਰਹੀ ਹੈ। ਸ੍ਰੀ ਚਾਹਲ ਨੇ ਸ਼ਹਿਰ ਵਿਚਲੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਦੇ ਘਰ ਪੀਜੀ ਤੇ ਕਿਰਾਏਦਾਰ ਰਹਿੰਦੇ ਹਨ, ਉਨ੍ਹਾਂ ਨਾਲ ਸਬੰਧਿਤ ਥਾਣੇ ਕੋਲ ਜਾਣਕਾਰੀ ਦਿੱਤੀ ਜਾਵੇ। ਇਸ ਤੋਂ ਇਲਾਵਾ ਸ਼ਹਿਰ ਵਿਚਲੇ ਹੋਟਲਾਂ ਅਤੇ ਗੈਸਟ ਹਾਉੂਸ ਵਿੱਚ ਰਹਿਣ ਆਉਣ ਵਾਲੇ ਵਿਅਕਤੀਆਂ ਦੀ ਸ਼ਨਾਖਤੀ ਕਾਰਡ ਜ਼ਰੂਰ ਰਿਕਾਰਡ ਵਿੱਚ ਰੱਖੇ ਜਾਣ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੁਲੀਸ ਵੱਲੋਂ ਅਚਾਨਕ ਸ਼ਹਿਰ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ, ਇਸ ਦੌਰਾਨ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।