ਮੁਕੇਸ਼ ਕੁਮਾਰ
ਚੰਡੀਗੜ੍ਹ, 12 ਸਤੰਬਰ
ਚੰਡੀਗੜ੍ਹ ਪੁਲੀਸ ਦੇ ਸਾਈਬਰ ਸੈੱਲ ਨੇ ਇੱਕ ਚੀਨੀ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਇੱਕ ਗੈਰ-ਕਾਨੂੰਨੀ ‘ਤਤਕਾਲ ਲੋਨ ਐਪ’ ਚਲਾ ਰਿਹਾ ਸੀ ਤੇ ਵੀਜ਼ਾ ਮਿਆਦ ਖਤਮ ਹੋਣ ਤੋਂ ਵੱਧ ਸਮੇਂ ਤੋਂ ਭਾਰਤ ਵਿੱਚ ਰਹਿ ਰਿਹਾ ਸੀ। ਚੰਡੀਗੜ੍ਹ ਪੁਲੀਸ ਦੇ ਸਾਈਬਰ ਸੈੱਲ ਅਨੁਸਾਰ ਇਸ ਚੀਨੀ ਨਾਗਰਿਕ ਵੱਲੋਂ ਚਲਾਏ ਜਾ ਰਹੇ ਇਸ ਰੈਕੇਟ ਨੂੰ 60 ਹੋਰ ਮੈਂਬਰਾਂ ਦੀ ਸਹਾਇਤਾ ਨਾਲ ਚਲਾਇਆ ਜਾ ਰਿਹਾ ਸੀ। ਸਾਈਬਰ ਕ੍ਰਾਈਮ ਸੈੱਲ ਦੇ ਐੱਸਐੱਸਪੀ ਕੇਤਨ ਬੰਸਲ ਅਤੇ ਸਾਈਬਰ ਕ੍ਰਾਈਮ ਥਾਣੇ ਦੇ ਐੱਸਐੱਚਓ ਇੰਸਪੈਕਟਰ ਰਣਜੀਤ ਸਿੰਘ ਦੀ ਨਿਗਰਾਨੀ ਹੇਠ ਦੇਸ਼ ਦੇ 5 ਰਾਜਾਂ ਵਿੱਚ ਫੈਲੇ ਇਸ ਗਰੋਹ ਨੂੰ ਲੈ ਕੇ ਪੁਲੀਸ ਵੱਲੋਂ ਕੀਤੀ ਗਈ ਪੜਤਾਲ ਤੋਂ ਬਾਅਦ ਕੀਤੀ ਗਈ 10 ਦਿਨਾਂ ਦੀ ਕਾਰਵਾਈ ਦੌਰਾਨ ਚੰਡੀਗੜ੍ਹ ਪੁਲੀਸ ਨੇ ਆਨਲਾਈਨ ਐਪ ਲੋਨ ਧੋਖਾਧੜੀ ਦੇ ਇੱਕ ਰੈਕੇਟ ਦਾ ਪਰਦਾਫਾਸ਼ ਕੀਤਾ, ਜਿਸ ਵਿੱਚ ਉਕਤ ਮਾਮਲਿਆਂ ਵਿੱਚ 21 ਮੁਲਜ਼ਮਾਂ (ਇੱਕ ਚੀਨੀ ਸਮੇਤ) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਚੰਡੀਗੜ੍ਹ ਪੁਲੀਸ ਨੂੰ ਤੁਰੰਤ ਲੋਨ ਦਿਵਾਉਣ ਨੂੰ ਲੈ ਕੇ ਇੱਕ ਐਪ ਰਾਹੀਂ ਲੋਕਾਂ ਨੂੰ ਠੱਗਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਇਨ੍ਹਾਂ ਸ਼ਿਕਾਇਤਾਂ ਅਨੁਸਾਰ ਪੀੜਤਾਂ ਨੂੰ ਕਰਜ਼ੇ ਲਈ ਆਪਣੇ ਮੋਬਾਈਲ ’ਤੇ ਐੱਸਐੱਮਐੱਸ ਰਾਹੀਂ ਇੱਕ ਲਿੰਕ ਭੇਜਿਆ ਜਾਂਦਾ ਸੀ, ਜਿਵੇਂ ਹੀਉਹ ਲਿੰਕ ‘ਤੇ ਕਲਿੱਕ ਕਰਦੇ ਤਾਂ ਲੋਨ ਐਪਲੀਕੇਸ਼ਨ ਉਨ੍ਹਾਂ ਦੇ ਫੋਨ ਵਿੱਚ ਸਥਾਪਤ ਹੋ ਜਾਂਦੀ। ਇਸ ਤੋਂ ਬਾਅਦ ਐਪ ਦੀ ਇੰਸਟਾਲੇਸ਼ਨ ਦੌਰਾਨ ਐਪ ਮੋਬਾਈਲਧਾਰਕ ਤੋਂ ਉਸਦੇ ਸੰਪਰਕਾਂ, ਗੈਲਰੀ ਆਦਿ ਤੱਕ ਪਹੁੰਚ ਦੀ ਮੰਗ ਕਰਦਾ। ਇਸ ਤੋਂ ਬਾਅਦ ਪੀੜਤ ਲੋਨ ਲੈਣ ਲਈ ਐਪ ’ਤੇ ਲੋਨ ਲਈ ਆਪਣੇ ਵੇਰਵੇ ਸਾਂਝੇ ਕਰਦੇ ਅਤੇ ਉਸ ਤੋਂ ਬਾਅਦ ਇਹ ਠੱਗੀ ਦੀ ਖੇਡ ਸ਼ੁਰੂ ਹੋ ਜਾਂਦੀ। ਕਈ ਸ਼ਿਕਾਇਤਕਰਤਾਵਾਂ ਵੱਲੋਂ ਲੋਨ ਦੀ ਰਕਮ ਵਾਪਿਸ ਕਰਨ ਤੋਂ ਬਾਅਦ ਵੀ ਉਨ੍ਹਾਂ ਨੂੰ ਦੁਬਾਰਾ ਲੋਨ ਦੀ ਰਕਮ ਵਾਪਸ ਕਰਨ ਲਈ ਧਮਕਾਇਆ ਜਾਂਦਾ ਅਤੇ ਅਜਿਹਾ ਨਾ ਕਰਨ ’ਤੇ ਉਨ੍ਹਾਂ ਦੀਆਂ ਜਾਅਲੀ ਅਸ਼ਲੀਲ ਫੋਟੋਆਂ ਤਿਆਰ ਕਰਕੇ ਸੋਸ਼ਲ ਮੀਡੀਆ ’ਤੇ ਅਪਲੋਡ ਕਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਸਨ। ਇਨ੍ਹਾਂ ਧਮਕੀਆਂ ਤੋਂ ਡਰਦੇ ਕਈ ਲੋਕਾਂ ਨੇ ਮੁਲਜ਼ਮਾਂ ਵੱਲੋਂ ਮੰਗੇ ਗਏ ਪੈਸੇ ਮੁੜ ਦਿੱਤੇ ਗਏ। ਪੀੜਤਾਂ ਨੂੰ ਵਾਰ-ਵਾਰ ਕਰਜ਼ੇ ਦੀ ਰਕਮ ਜਮ੍ਹਾਂ ਕਰਵਾਉਣ ਲਈ ਮਜਬੂਰ ਕੀਤਾ ਜਾਂਦਾ ਅਤੇ ਜਦੋਂ ਉਹ ਇਨਕਾਰ ਕਰਦੇ ਤਾਂ ਉਹ ਪੀੜਤ ਦੇ ਮੋਬਾਈਲ ਦੇ ਵਟਸਐਪ ਸੰਪਰਕਾਂ ’ਤੇ ਪੀੜਤ ਅਤੇ ਉਸ ਦੇ ਪਰਿਵਾਰ ਦੀਆਂ ਨਗਨ-ਮੋਰਫਡ ਫੋਟੋਆਂ ਭੇਜਣੀਆਂ ਸ਼ੁਰੂ ਕਰ ਦਿੰਦੇ ਹਨ। ਮਾਮਲਿਆਂ ਦੀ ਜਾਂਚ ਲਈ ਇੰਸਪੈਕਟਰ ਰਣਜੀਤ ਸਿੰਘ (ਐਸਐਚਓ) ਦੀ ਨਿਗਰਾਨੀ ਹੇਠ ਐੱਸਆਈ ਕ੍ਰਿਸ਼ਨ ਦੇਵ ਸਿੰਘ, ਐੱਸਆਈ ਪਰਮਿੰਦਰ ਸਿੰਘ ਅਤੇ ਏਐੱਸਆਈ ਬਲਵਾਨ ਸਿੰਘ ਦੀਆਂ ਪੁਲੀਸ ਟੀਮਾਂ ਦਾ ਗਠਨ ਕੀਤਾ ਗਿਆ ਸੀ, ਜਿਨ੍ਹਾਂ ਨੇ ਦਿੱਲੀ ਐੱਨਸੀਆਰ, ਰਾਜਸਥਾਨ, ਬਿਹਾਰ ਅਤੇ ਝਾਰਖੰਡ ਵਿੱਚ ਛਾਪੇ ਮਾਰੇ। ਉਨ੍ਹਾਂ ਇਸ ਕਾਰਵਾਈ ਦੌਰਾਨ ਕੁੱਲ 21 ਮੁਲਜ਼ਮ ਗ੍ਰਿਫ਼ਤਾਰ ਕੀਤੇ। ਗ੍ਰਿਫ਼ਤਾਰ ਚੀਨੀ ਨਾਗਰਿਕ ਵਾਨ ਚੇਂਗੂਆ ਨੇ ਬਾਕਾਇਦਾ ਅੱਗੇ ਆਪਣੇ ਕਰਮਚਾਰੀ ਰੱਖੇ ਹੋਏ ਸਨ ਜੋ ਇਸ ਮੋਬਾਈਲ ਐਪ ਨੂੰ ਚਲਾਉਂਦੇ ਅਤੇ ਕਾਲ ਸੈਂਟਰ ’ਤੇ ਕੰਮ ਕਰਦੇ ਸਨ। ਗ੍ਰਿਫ਼ਤਾਰ ਮੁਲਜ਼ਮਾਂ ਕੋਲੋਂ ਵੱਖ-ਵੱਖ ਆਨਲਾਈਨ ਲੋਨ ਅਰਜ਼ੀਆਂ ਤੋਂ 17.31 ਲੱਖ ਦੀ ਠੱਗੀ ਹੋਈ ਰਕਮ ਬਰਾਮਦ ਕੀਤੀ ਗਈ ਹੈ। ਪੁਲੀਸ ਅਨੁਸਾਰ ਮੁੱਖ ਸਰਗਨਾ ਵਾਨ ਚੇਂਗੂਆ ਦੇ ਪਾਸਪੋਰਟ ਅਤੇ ਵੀਜ਼ਾ ਦੀ ਜਾਂਚ ਕਰਨ ’ਤੇ ਪਤਾ ਲੱਗਾ ਕਿ ਇਸਦੀ ਮਿਆਦ ਸਾਲ 2020 ਵਿੱਚ ਖਤਮ ਹੋ ਗਈ ਸੀ ਅਤੇ ਉਹ ਗੈਰ-ਕਾਨੂੰਨੀ ਤੌਰ ’ਤੇ ਰਹਿ ਰਿਹਾ ਸੀ।