ਆਈਏਐੱਨਐਸ
ਚੰਡੀਗੜ੍ਹ, 8 ਅਗਸਤ
ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਚੰਡੀਗੜ੍ਹ ਤੋਂ ਦਿੱਲੀ ਜਾਣ ਵਾਲੇ ਯੂਟੀ ਦੇ ਅਧਿਕਾਰੀਆਂ ਲਈ ਹਵਾਈ ਯਾਤਰਾ ਅਤੇ ਸਟਾਰ ਹੋਟਲਾਂ ਵਿਚ ਰਹਿਣ ’ਤੇ ਪਾਬੰਦੀ ਲਗਾ ਦਿੱਤੀ ਹੈ। ਉਨ੍ਹਾਂ ਇਸ ਸਬੰਧੀ ਸਲਾਹਕਾਰ ਧਰਮਪਾਲ ਨੂੰ ਪੱਤਰ ਲਿਖਿਆ ਹੈ ਜਿਸ ਵਿੱਚ ਉਨ੍ਹਾਂ ਕਿਹਾ ਕਿ ਜ਼ਿੰਮੇਵਾਰ ਅਧਿਕਾਰੀ ਹੋਣ ਦੇ ਨਾਤੇ ਇਹ ਨੈਤਿਕ ਫਰਜ਼ ਬਣਦਾ ਹੈ ਕਿ ਜਨਤਾ ਦੇ ਪੈਸੇ ਦੀ ਬਰਬਾਦੀ ਨਾ ਕੀਤੀ ਜਾਵੇ ਕਿਉਂਕਿ ਫਜ਼ੂਲ ਖਰਚੀ ਨੂੰ ਕਿਸੇ ਵੀ ਕੀਮਤ ’ਤੇ ਸਵੀਕਾਰ ਨਹੀਂ ਕੀਤਾ ਜਾਣਾ ਚਾਹੀਦਾ। ਇਸ ਸਬੰਧ ਵਿੱਚ ਚੰਡੀਗੜ੍ਹ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਕੀਤੇ ਖਰਚੇ ਸਬੰਧੀ ਇੱਕ ਖ਼ਬਰ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀ ਗਈ ਸੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਅਧਿਕਾਰੀ ਦਿੱਲੀ ਦੇ ਪੰਜ ਤਾਰਾ ਹੋਟਲਾਂ ਵਿੱਚ ਠਹਿਰਦੇ ਹਨ ਅਤੇ ਵਪਾਰਕ ਉਡਾਣਾਂ ਮੌਕੇ ਬਿਜ਼ਨਸ ਕਲਾਸ ਵਿੱਚ ਸਫ਼ਰ ਕਰਦੇ ਹਨ। ਉਨ੍ਹਾਂ ਕਿਹਾ ਕਿ ਅਧਿਕਾਰੀ ਸ਼ਤਾਬਦੀ ਅਤੇ ਵੰਦੇ ਭਾਰਤ ਰੇਲ ਗੱਡੀਆਂ ਰਾਹੀਂ ਯਾਤਰਾ ਕਰਨਗੇ। ਇਸ ਤੋਂ ਇਲਾਵਾ ਅਧਿਕਾਰੀ ਯੂਟੀ ਗੈਸਟ ਹਾਊਸ, ਪੰਜਾਬ ਭਵਨ ਜਾਂ ਹਰਿਆਣਾ ਭਵਨ ਵਿਚ ਹੀ ਰਹਿਣਗੇ।