ਕੁਲਦੀਪ ਸਿੰਘ
ਚੰਡੀਗੜ੍ਹ, 19 ਦਸੰਬਰ
ਨਰਸਿਜ਼ ਯੂਨੀਅਨ ਸੈਕਟਰ 16 ਚੰਡੀਗੜ੍ਹ ਦੇ ਸੱਦੇ ’ਤੇ ਸਮੂਹ ਨਰਸਾਂ ਨੇ ਪੰਜਾਬ ਨਰਸਿਜ਼ ਯੂਨੀਅਨਾਂ ਦੀ ਹਮਾਇਤ ਲਈ ਜੁਆਇੰਟ ਐਕਸ਼ਨ ਨਰਸਿਜ਼ ਕਮੇਟੀ ਆਫ ਪੰਜਾਬ ਅਤੇ ਯੂ.ਟੀ. ਚੰਡੀਗੜ੍ਹ ਦੇ ਬੈਨਰ ਹੇਠ ਅੱਜ ਸ਼ਾਮ ਮੋਮਬੱਤੀ ਮਾਰਚ ਕੱਢ ਕੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਹ ਮੋਮਬੱਤੀ ਮਾਰਚ ਗੌਰਮਿੰਟ ਮਲਟੀ ਸਪੈਸ਼ਿਲਿਟੀ ਹਸਪਤਾਲ ਸੈਕਟਰ 16 ਦੇ ਮੇਨ ਗੇਟ ਤੋਂ ਸ਼ੁਰੂ ਹੋ ਕੇ ਪਲਾਜ਼ਾ, ਸੈਕਟਰ 17 ਜਾ ਕੇ ਸਮਾਪਤ ਹੋਇਆ।
ਨਰਸਿਜ਼ ਐਸੋਸੀਏਸ਼ਨ ਸੈਕਟਰ 16 ਚੰਡੀਗੜ੍ਹ ਦੀ ਪ੍ਰਧਾਨ ਪਰਮਿੰਦਰ ਕੌਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਪ੍ਰਦਰਸ਼ਨ ਪੰਜਾਬ ਦੀਆਂ ਨਰਸਾਂ ਦੇ ਸਮਰਥਨ ਵਿੱਚ ਇਸ ਲਈ ਕੀਤਾ ਗਿਆ ਹੈ ਕਿ ਯੂ.ਟੀ. ਚੰਡੀਗੜ੍ਹ ਦੀਆਂ ਨਰਸਾਂ ਪੰਜਾਬ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਪਾਬੰਦ ਹਨ। ਉਨ੍ਹਾਂ ਦੱਸਿਆ ਕਿ ਨਰਸਾਂ ਦੀ ਪੰਜਵੇਂ ਤਨਖਾਹ ਕਮਿਸ਼ਨ ਦੀ ਟਾਈਪੋਗ੍ਰਾਫ਼ਿਕ ਗ਼ਲਤੀ ਕਰਕੇ ਨਵੀਂ ਭਰਤੀ ਵਿੱਚ ਜੁਆਇਨ ਕਰਨ ’ਤੇ 29,200 ਰੁਪਏ ਤਨਖਾਹ ਦੇ ਕੇ ਨਰਸਾਂ ਨਾਲ ਧੋਖਾ ਕੀਤਾ ਜਾ ਰਿਹਾ ਹੈ। ਹਰ ਥਾਂ ਨਰਸਾਂ ਦੀ ਗਰੇਡ-ਪੇਅ 4,600 ਹੈ ਪ੍ਰੰਤੂ ਪੰਜਾਬ ਸਰਕਾਰ ਨੇ ਨਰਸਾਂ ਨੂੰ ਗਰੇਡ-ਪੇਅ 3200 ’ਤੇ ਲਿਆਂਦਾ ਹੈ।
ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਗਰੇਡ,-ਪੇਅ ਵਿੱਚ ਧੋਖੇ ਕਰਕੇ ਬੀ-ਗਰੁੱਪ ਵਿੱਚ ਆਉਣ ਵਾਲੀਆਂ ਨਰਸਾਂ ਗਰੁੱਪ-ਡੀ ਵਿੱਚ ਆ ਗਈਆਂ ਹਨ। ਨਰਸਾਂ ਲਈ ਤਨਖਾਹ ਕਮਿਸ਼ਨ ਨੇ ਵੀ ਸਰਕਾਰ ਨੂੰ ਉੱਚ ਗਰੇਡ ਤਨਖਾਹ ਦੀ ਸਿਫਾਰਿਸ਼ ਕੀਤੀ ਹੈ ਅਤੇ ਕੇਂਦਰ ਸਰਕਾਰ ਦੀ ਤਰਜ਼ ’ਤੇ ਭੱਤਿਆਂ ਦੀ ਜਾਇਜ਼ ਮੰਗ ਸਰਕਾਰ ਨੇ ਹਾਲੇ ਤੱਕ ਪੂਰੀ ਨਹੀਂ ਕੀਤੀ। ਉਨ੍ਹਾਂ ਮੰਗ ਕੀਤੀ ਕਿ ਪੰਜਵੇਂ ਤਨਖਾਹ ਕਮਿਸ਼ਨ ਦੀ ਟਾਈਪੋਗ੍ਰਾਫ਼ਿਕ ਗਲਤੀ ਨੂੰ ਦਰੁਸਤ ਕਰਕੇ ਛੇਵਾਂ ਤਨਖਾਹ ਕਮਿਸ਼ਨ ਸੰਨ 2006 ਤੋਂ ਲਾਗੂ ਕੀਤਾ ਜਾਵੇ। ਐਸੋਸੀਏਸ਼ਨ ਦੀ ਜਨਰਲ ਸਕੱਤਰ ਸ਼ੋਭਨਾ ਪਠਾਨੀਆ ਨੇ ਕਿਹਾ ਕਿ ਜਦੋਂ ਤੱਕ ਨਰਸਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ, ਉਦੋਂ ਤੱਕ ਧਰਨਾ ਜਾਰੀ ਰਹੇਗਾ।
ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਫ਼ਿਰ ਵੀ ਮੰਗ ਪੂਰੀ ਨਾ ਕੀਤੀ ਤਾਂ ਯੂ.ਟੀ. ਦੀਆਂ ਸਮੂਹ ਨਰਸਾਂ ਹੋਰ ਸਖ਼ਤ ਕਦਮ ਚੁੱਕਣ ਲਈ ਮਜਬੂਰ ਹੋਣਗੀਆਂ। ਇਸ ਮੋਮਬੱਤੀ ਮਾਰਚ ਵਿੱਚ ਯੂ.ਟੀ. ਦੀਆਂ ਸਾਰੀਆਂ ਨਰਸਾਂ ਸ਼ਾਮਲ ਹੋਈਆਂ। ਇਸ ਰੋਸ ਪ੍ਰਦਰਸ਼ਨ ਵਿੱਚ ਦਬਕੇਸ਼ ਕੁਮਾਰ ਕਨਵੀਨਰ ਜੁਆਇੰਟ ਐਕਸ਼ਨ ਨਰਸਿੰਗ ਕਮੇਟੀ ਪੰਜਾਬ ਅਤੇ ਯੂ.ਟੀ. ਚੰਡੀਗੜ੍ਹ ਅਤੇ ਹੋਰ ਨੁਮਾਇੰਦੇ ਵੀ ਹਾਜ਼ਰ ਸਨ।
ਨਰਸਿੰਗ ਅਫ਼ਸਰ ਸਬੰਧੀ ਨੋਟੀਫਿਕੇਸ਼ਨ ਜਾਰੀ ਕਰਨ ਦੀ ਮੰਗ
ਐਸੋਸੀਏਸ਼ਨ ਦੀ ਪ੍ਰਧਾਨ ਸਮੇਤ ਹੋਰਨਾਂ ਆਗੂਆਂ ਨੇ ਕਿਹਾ ਕਿ ਦੇਸ਼ ਦੇ ਕਈ ਰਾਜਾਂ ਅਤੇ ਚੰਡੀਗੜ੍ਹ ਵਿੱਚ ਨਰਸਾਂ ਨੂੰ ਨਰਸਿੰਗ ਅਫ਼ਸਰ ਨਿਯੁਕਤ ਕੀਤਾ ਗਿਆ ਹੈ ਪ੍ਰੰਤੂ ਪੰਜਾਬ ਸਰਕਾਰ ਨੇ ਇਸ ਸਬੰਧੀ ਹਾਲੇ ਤੱਕ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਵਿੱਚ ਨਰਸਾਂ ਨੂੰ ਨਰਸਿੰਗ ਅਫ਼ਸਰ ਦਾ ਦਰਜਾ ਦਿੱਤਾ ਜਾਵੇ।