ਕੁਲਦੀਪ ਸਿੰਘ
ਚੰਡੀਗੜ੍ਹ, 11 ਸਤੰਬਰ
ਸਿੱਖਿਆ ਵਿਭਾਗ ਪੰਜਾਬ ’ਚ ਨਵ-ਨਿਯੁਕਤ ਤਰੱਕੀ ਪ੍ਰਾਪਤ ਲੈਕਚਰਾਰਾਂ ਦੀਆਂ ਬਦਲੀਆਂ ਕਥਿਤ ਤੌਰ ’ਤੇ ਦੂਰ-ਦੁਰਾਡੇ ਕਰਨ ਕਾਰਨ ਰੋਸ ਹੈ। ਨਵ-ਨਿਯੁਕਤ ਲੈਕਚਰਾਰਾਂ ਨੂੰ 25-26 ਸਾਲ ਦੀ ਲੰਬੀ ਉਡੀਕ ਤੋਂ ਬਾਅਦ ਮਿਲੀ ਤਰੱਕੀ ਫਿਲਹਾਲ ਸਜ਼ਾ ਲੱਗ ਰਹੀ ਹੈ। ਇਨ੍ਹਾਂ ਤਰੱਕੀ ਪ੍ਰਾਪਤ ਨਵ-ਨਿਯੁਕਤ ਲੈਕਚਰਾਰਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਨੇੜਲੇ ਸਟੇਸ਼ਨਾਂ ’ਤੇ ਤਾਇਨਾਤ ਕੀਤਾ ਜਾਵੇ। ਇਸ ਸਬੰਧੀ ਡਾਇਰੈਕਟਰ ਕੁਲਜੀਤ ਪਾਲ ਸਿੰਘ ਮਾਹੀ ਨੇ ਕਿਹਾ ਕਿ ਨਵ-ਨਿਯੁਕਤ ਲੈਕਚਰਾਰਾਂ ਦੀਆਂ ਤਾਇਨਾਤੀਆਂ ਬਿਲਕੁਲ ਪਾਰਦਰਸ਼ੀ ਢੰਗ ਨਾਲ ਕੀਤੀਆਂ ਗਈਆਂ ਹਨ ਅਤੇ ਪੋਰਟਲ ਉਤੇ ਵੀ ਸਾਰੇ ਸਟੇਸ਼ਨ ਦਰਸਾਏ ਗਏ ਹਨ। ਕਿਸੇ ਵੀ ਸਟੇਸ਼ਨ ਦੀ ਆਪਸ਼ਨ ਨਾ ਭਰਨ ਵਾਲੇ ਲੈਕਚਰਾਰ ਦੇ ਲਈ ਪੋਰਟਲ ਆਟੋਮੈਟਿਕ ਢੰਗ ਨਾਲ ਖ਼ੁਦ ਅਲਾਟਮੈਂਟ ਕਰ ਦਿੰਦਾ ਹੈ ਪਰ ਫਿਰ ਵੀ ਇਸ ਬਾਰੇ ਪਤਾ ਕੀਤਾ ਜਾਵੇਗਾ ਅਤੇ ਜੇ ਕਿਧਰੇ ਕੋਈ ਗੜਬੜੀ ਹੈ ਤਾਂ ਉਸ ਨੂੰ ਸੁਧਾਰਿਆ ਜਾਵੇਗਾ। ਉਧਰ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੰਜੀਵ ਕੁਮਾਰ, ਸਰਪ੍ਰਸਤ ਹਾਕਮ ਸਿੰਘ, ਮੁੱਖ ਸਲਾਹਕਾਰ ਸੁਖਦੇਵ ਸਿੰਘ ਰਾਣਾ ਨੇ ਸਿੱਖਿਆ ਮੰਤਰੀ ਪੰਜਾਬ, ਸਕੱਤਰ ਸਕੂਲ ਸਿੱਖਿਆ ਅਤੇ ਡਾਇਰੈਕਟਰ ਤੋਂ ਮੰਗ ਕਰਦਿਆਂ ਕਿਹਾ ਕਿ ਵਿਭਾਗ ਬਦਲੀ ਦੇ ਨਿਯਮਾਂ ਵਿੱਚ ਸੋਧ ਕਰਕੇ ਲੈਕਚਰਾਰਾਂ ਦੀਆਂ ਨਿਯੁਕਤੀਆਂ ਨੇੜਲੇ ਸਟੇਸ਼ਨਾਂ ’ਤੇ ਕਰੇ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਜਥੇਬੰਦੀ ਨੂੰ ਸੰਘਰਸ਼ ਦੇ ਰਾਹ ਤੁਰਨ ਲਈ ਮਜਬੂਰ ਹੋਣਾ ਪਵੇਗਾ।