ਮੁਕੇਸ਼ ਕੁਮਾਰ
ਚੰਡੀਗੜ੍ਹ, 8 ਸਤੰਬਰ
ਚੰਡੀਗੜ੍ਹ ਦੀਆਂ ਸਮੱਸਿਆਵਾਂ ਦੇ ਹੱਲ ਲਈ ਲੇਟ ਲਤੀਫ਼ੀ ਵਜੋਂ ਜਾਣੀ ਜਾਂਦੀ ਨਗਰ ਨਿਗਮ ਨੇ ਆਪਣੇ ਸਟੱਡੀ ਟੂਰ ਨੂੰ ਲੈ ਕੇ ਜ਼ਰਾ ਜਿੰਨੀ ਵੀ ਦੇਰ ਨਹੀਂ ਕੀਤੀ। ਇਸ ਮਾਮਲੇ ਵਿੱਚ ਨਗਰ ਨਿਗਮ ਨੇ ਇੰਨੀ ਫੁਰਤੀ ਦਿਖਾਈ ਕਿ ਅਜੇ ਬੀਤੇ ਦਿਨੀ ਪ੍ਰਸ਼ਾਸਕ ਵੱਲੋਂ ਦਿੱਤੇ ਸੁਝਾਅ ’ਤੇ ਅੱਜ ਫੈਸਲਾ ਲੈ ਕੇ ਨਵੇਂ ਟੂਰ ਦੀ ਰੂਪਰੇਖਾ ਵੀ ਉਲੀਕ ਲਈ ਗਈ। ਕੌਂਸਲਰਾਂ ਦਾ ਵਿਵਾਦਤ ਗੋਆ-ਮੁੰਬਈ ਸਟੱਡੀ ਟੂਰ ਰੱਦ ਹੋਣ ਤੋਂ ਬਾਅਦ ਕੌਂਸਲਰ ਇੰਦੌਰ ਅਤੇ ਨਾਗਪੁਰ ਜਾ ਰਹੇ ਹਨ। ਸ਼ਹਿਰ ਦੀ ਮੇਅਰ ਸਰਬਜੀਤ ਕੌਰ ਢਿੱਲੋਂ ਨੇ ਦੱਸਿਆ ਕਿ ਨਿਗਮ ਦੇ ਕੌਂਸਲਰਾਂ ਦੀ ਟੀਮ 10 ਸਤੰਬਰ ਨੂੰ ਇਸ ਸਟੱਡੀ ਟੂਰ ਲਈ ਰਵਾਨਾ ਹੋਵੇਗੀ ਅਤੇ 16 ਸਤੰਬਰ ਨੂੰ ਵਾਪਸ ਚੰਡੀਗੜ੍ਹ ਪਰਤੇਗੀ। ਮੇਅਰ ਨੇ ਦੱਸਿਆ ਕਿ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਵਲੋਂ ਦਿੱਤੀ ਗਈ ਸਲਾਹ ਤੋਂ ਨਿਗਮ ਪੂਰੀ ਤਰ੍ਹਾਂ ਸਹਿਮਤ ਹੈ। ਮੇਅਰ ਸ੍ਰੀਮਤੀ ਸਰਬਜੀਤ ਕੌਰ ਢਿੱਲੋਂ ਨੇ ਦੱਸਿਆ ਕਿ ਕਾਂਗਰਸ ਨੇ ਆਪਣੇ ਦੋ ਕੌਂਸਲਰ ਭੇਜਣ ਲਈ ਕਿਹਾ ਹੈ। ਇਸ ਦੇ ਨਾਲ ਹੀ ਭਾਜਪਾ ਦੇ 9, ਆਮ ਆਦਮੀ ਪਾਰਟੀ ਦੇ ਵੀ 9 ਅਤੇ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਕੌਂਸਲਰ ਇਸ ਸਟੱਡੀ ਟੂਰ ‘ਤੇ ਜਾਵੇਗਾ। ਇਸ ਤੋਂ ਇਲਾਵਾ ਨਗਰ ਨਿਗਮ ਦੇ ਕੁਝ ਅਧਿਕਾਰੀ ਵੀ ਇਸ ਸਟੱਡੀ ਟੂਰ ‘ਤੇ ਕੌਂਸਲਰਾਂ ਦੀ ਟੀਮ ਨਾਲ ਜਾਣਗੇ। ਮੇਅਰ ਨੇ ਦੱਸਿਆ ਕਿ ਉਹ 2 ਦਿਨਾਂ ਲਈ ਇੰਦੌਰ ਦਾ ਦੌਰਾ ਕਰਨਗੇ ਅਤੇ ਉਸ ਤੋਂ ਬਾਅਦ 2 ਦਿਨ ਲਈ ਨਾਗਪੁਰ ਜਾਣਗੇ। ਮੇਅਰ ਨੇ ਕਿਹਾ ਕਿ ਸਟੱਡੀ ਟੂਰ ਦੌਰਾਨ ਸ਼ਹਿਰ ਦੇ ਬਿਹਤਰੀ ਲਈ ਇੰਦੌਰ ਅਤੇ ਨਾਗਪੁਰ ਦੇ ਪ੍ਰਾਜੈਕਟਾਂ ਦਾ ਦੌਰਾ ਕੀਤਾ ਜਾਵੇਗਾ। ਇਨ੍ਹਾਂ ਸ਼ਹਿਰਾਂ ਦੇ ਪ੍ਰਾਜੈਕਟਾਂ ਦੇ ਬਕਾਇਦਾ ਰਿਪੋਰਟ ਬਣਾਈ ਜਾਵੇਗੀ ਅਤੇ ਸ਼ਹਿਰੀ ਵਿੱਚ ਲੋੜੀਂਦੇ ਪ੍ਰਾਜੈਕਟਾਂ ਨੂੰ ਲਾਗੂ ਵੀ ਕੀਤਾ ਜਾਵੇਗਾ। ਸਟੱਡੀ ਟੂਰ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਕਿਸੇ ਵੀ ਚੀਜ਼ ਨੂੰ ਅਮਲੀ ਤੌਰ ‘ਤੇ ਦੇਖ ਕੇ ਬਹੁਤ ਕੁੱਝ ਹੋਰ ਪਤਾ ਲੱਗ ਜਾਂਦਾ ਹੈ। ਇਸੇ ਤਰ੍ਹਾਂ ਨਾਲ ਸਟੱਡੀ ਟੂਰ ‘ਤੇ ਜਾ ਕੇ ਜ਼ਿਆਦਾ ਕੁਝ ਸਿੱਖਿਆ ਜਾ ਸਕਦਾ ਹੈ। ਮੇਅਰ ਨੇ ਅੱਗੇ ਕਿਹਾ ਕਿ ਇਸ ਸਟੱਡੀ ਟੂਰ ਨਾਲ ਨਿਗਮ ਦੇ ਸਾਰੇ ਕੌਂਸਲਰਾਂ ਵਿੱਚ ਵੀ ਇੱਕ ਵਧੀਆ ਤਾਲਮੇਲ ਪੈਦਾ ਹੋਵੇਗਾ। ਉਨ੍ਹਾਂ ਕਿਹਾ ਕਿ ਅਜਿਹਾ ਟੂਰ ਸਾਰੀਆਂ ਪਾਰਟੀਆਂ ਦੇ ਕੌਂਸਲਰਾਂ ਨੂੰ ਜੋੜ ਕੇ ਰੱਖੇਗਾ ਅਤੇ ਸ਼ਹਿਰ ਦੇ ਵਿਕਾਸ ਲਈ ਇੱਕ ਚੰਗੀ ਪਹਿਲ ਹੋਵੇਗੀ। ਮੇਅਰ ਨੇ ਇਹ ਵੀ ਕਿਹਾ ਕਿ ਨਗਰ ਨਿਗਮ ਵਿਚ ਕਿਸੇ ਵੀ ਤਰ੍ਹਾਂ ਦੀ ਪਾਰਟੀਬਾਜ਼ੀ ਨਹੀਂ ਹੋਣੀ ਚਾਹੀਦੀ। ਜ਼ਿਕਰਯੋਗ ਹੈ ਕਿ ਨਗਰ ਨਿਗਮ ਵਲੋਂ ਪਹਿਲਾਂ ਸਿਰਫ ਮੁੰਬਈ ਲਈ ਹੀ ਸਟੱਡੀ ਟੂਰ ਲਿਜਾਣ ਦਾ ਫੈਸਲਾ ਕੀਤਾ ਗਿਆ ਸੀ, ਪਰ ਇਸ ਤੋਂ ਬਾਅਦ ਇਸ ਸਟੱਡੀ ਟੂਰ ਨਾਲ ਚੁੱਪਚਾਪ ਗੋਆ ਦਾ ਦੌਰਾ ਵੀ ਜੋੜ ਦਿੱਤਾ ਗਿਆ। ਇਸ ਸਟੱਡੀ ਟੂਰ ਦਾ ਸ਼ੁਰੂ ਤੋਂ ਹੀ ਵਿਰੋਧ ਕਰਦੀਆਂ ਆ ਰਹੀਆਂ ਵਿਰੋਧੀ ਪਾਰਟੀਆਂ ਨੇ ਇਸ ਸਟੱਡੀ ਟੂਰ ਨੂੰ ਸਿਰਫ ਮੌਜ ਮਸਤੀ ਅਤੇ ਬੀਚਾਂ ਦੇ ਘੁੰਮਣ ਦੇ ਨਾਮ ‘ਤੇ ਸਟੱਡੀ ਟੂਰ ਦਸ ਕੇ ਆਪਣਾ ਵਿਰੋਧ ਜ਼ਾਹਿਰ ਕੀਤਾ ਸੀ।