ਮੁਕੇਸ਼ ਕੁਮਾਰ
ਚੰਡੀਗੜ੍ਹ, 3 ਅਕਤੂਬਰ
ਇੱਥੇ ਨਗਰ ਨਿਗਮ ਨੇ ਸੈਕਟਰ 17 ਸਥਿਤ ਦਫ਼ਤਰ ਦੀ ਇਮਾਰਤ ਨੂੰ ‘ਜ਼ੀਰੋ ਵੇਸਟ ਕੈਂਪਸ’ (ਕੂੜਾ ਮੁਕਤ) ਐਲਾਨਿਆ ਹੈ। ਸ਼ਹਿਰ ਦੀ ਮੇਅਰ ਸਰਬਜੀਤ ਕੌਰ ਅਤੇ ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ ਨੇ ਅੱਜ ਨਿਗਮ ਦਫ਼ਤਰ ਕੰਪਲੈਕਸ ਵਿੱਚ ਕੂੜਾ ਇਕੱਠਾ ਕਰਨ ਅਤੇ ਇਸ ਦੇ ਵਿਗਿਆਨਕ ਢੰਗ ਨਾਲ ਨਬਿੇੜੇ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਮੇਅਰ ਸਰਬਜੀਤ ਕੌਰ ਨੇ ਦੱਸਿਆ ਕਿ ਸਟੇਸ਼ਨਰੀ ਦੀ ਰਹਿੰਦ-ਖੂੰਹਦ ਨੂੰ ਇਕੱਠਾ ਕਰਨ ਲਈ ਜ਼ਮੀਨੀ ਪੱਧਰ ’ਤੇ ਪ੍ਰਬੰਧ ਕੀਤੇ ਗਏ ਹਨ। ਨਿਗਮ ਵੱਲੋਂ ਸੈਨੇਟਰੀ ਕੂੜਾ ਇਕੱਠਾ ਕਰਨ ਲਈ ਲਾਲ ਰੰਗ ਦੇ ਡੱਬੇ ਹਰ ਮੰਜ਼ਿਲ ’ਤੇ ਲਗਾਏ ਗਏ ਹਨ। ਇਸ ਤਰ੍ਹਾਂ ਨਿਗਮ ਦਫਤਰ ਦੀ ਇਮਾਰਤ ਦੇ ਗਰਾਊਂਡ ਫਲੋਰ ’ਤੇ ਈ-ਵੇਸਟ ਕੰਟੇਨਰ ਅਤੇ ਦਫਤਰ ਦੇ ਲਾਅਨ ’ਚ ਬਾਗਬਾਨੀ ਦੀ ਰਹਿੰਦ ਖੂੰਹਦ ਲਈ ਵੱਡਾ ਕੰਪੋਸਟਰ ਮੁਹੱਈਆ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਗੈਰ ਸਰਕਾਰੀ ਸੰਗਠਨ ਵੱਲੋਂ ਹਫ਼ਤੇ ਵਿੱਚ ਰਹਿੰਦ- ਖੂੰਹਦ ਦਾ ਵਿਗਿਆਨਕ ਢੰਗ ਨਾਲ ਨਿਪਟਾਰਾ ਕੀਤਾ ਜਾਵੇਗਾ।
ਇਸੇ ਤਰ੍ਹਾਂ ‘ਸੈਲਫ ਹੈਲਪ’ ਗਰੁੱਪਾਂ ਵੱਲੋਂ ਕੱਪੜੇ ਦੇ ਝੋਲੇ ਅਤੇ ਹੋਰ ਸਾਮਾਨ ਬਣਾਉਣ ਲਈ ਪੁਰਾਣੇ ਕੱਪੜੇ ਇਕੱਠੇ ਕੀਤੇ ਜਾਣਗੇ। ਉਨ੍ਹਾਂ ਅੱਗੇ ਦੱਸਿਆ ਕਿ ਕੰਟੀਨ ਦੀ ਰਸੋਈ ਦੀ ਰਹਿੰਦ-ਖੂੰਹਦ ਨੂੰ ਗਿੱਲੇ ਕੂੜੇ ਦੇ ਕੰਪੋਸਟਰ ਵਿੱਚ ਪ੍ਰੋਸੈਸ ਕੀਤਾ ਜਾਵੇਗਾ। ਮੇਅਰ ਦਾ ਕਹਿਣਾ ਸੀ ਕਿ ਨਗਰ ਨਿਗਮ ਦੀਆਂ ਹੋਰ ਸਾਰੀਆਂ ਇਮਾਰਤਾਂ ਨੂੰ ਵੀ ਜਲਦੀ ਹੀ ‘ਜ਼ੀਰੋ ਵੇਸਟ ਕੈਂਪਸ’ ਬਣਾ ਦਿੱਤਾ ਜਾਵੇਗਾ।
ਸਾਰੰਗਪੁਰ ਵਿੱਚ ਅੰਮ੍ਰਿਤ ਸਰੋਵਰ ਜਨਤਾ ਨੂੰ ਸਮਰਪਿਤ
ਚੰਡੀਗੜ੍ਹ (ਖੇਤਰੀ ਪ੍ਰਤੀਨਿਧ): ਚੰਡੀਗੜ੍ਹ ਦੀ ਮੇਅਰ ਸਰਬਜੀਤ ਕੌਰ ਨੇ ਅੱਜ ਇੱਥੇ ਪਿੰਡ ਸਾਰੰਗਪੁਰ ਵਿੱਚ ਪਾਣੀ ਦੀ ਸੰਭਾਲ ਦੇ ਉਦੇਸ਼ ਨਾਲ ਬਣਾਏ ਗਏ ‘ਅੰਮ੍ਰਿਤ ਸਰੋਵਰ ਮਿਸ਼ਨ’ ਤਹਿਤ ਚੰਡੀਗੜ੍ਹ ਦਾ ਦੂਜਾ ਪੁਨਰ ਸੁਰਜੀਤ ਕੀਤਾ ‘ਅੰਮ੍ਰਿਤ ਸਰੋਵਰ’ ਜਨਤਾ ਨੂੰ ਸਮਰਪਿਤ ਕੀਤਾ। ਮੇਅਰ ਸਰਬਜੀਤ ਕੌਰ ਨੇ ਕਿਹਾ ਕਿ ‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਤਹਿਤ ਦੇਸ਼ ਦੇ ਹਰੇਕ ਜ਼ਿਲ੍ਹੇ ਵਿੱਚ 75 ਜਲਘਰਾਂ ਨੂੰ ਵਿਕਸਤ ਅਤੇ ਪੁਨਰ ਸੁਰਜੀਤ ਕਰਨ ਦੇ ਉਦੇਸ਼ ਨਾਲ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ। ਚੰਡੀਗੜ੍ਹ ਵਿੱਚ ਕਾਰਜ ਨੂੰ ਪੂਰਾ ਕਰਨ ਲਈ 15 ਅਗਸਤ 2023 ਦੀ ਮਿਆਦ ਮਿੱਥੀ ਗਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਿਸ਼ਨ ਤਹਿਤ ਨਗਰ ਨਿਗਮ ਵੱਲੋਂ ਪਿੰਡ ਕੈਂਬਵਾਲਾ, ਸਾਰੰਗਪੁਰ ਅਤੇ ਖੁੱਡਾ ਅਲੀਸ਼ੇਰ ਵਿਖੇ 3 ਜਲਘਰਾਂ ਨੂੰ ਮੁੜ ਸੁਰਜੀਤ ਕਰਨ ਦੀ ਯੋਜਨਾ ਬਣਾਈ ਗਈ ਸੀ। ਪਿੰਡ ਕੈਂਬਵਾਲਾ ਵਿਖੇ ਜਲਘਰ ਪਹਿਲਾਂ ਹੀ 15 ਅਗਸਤ 2022 ਨੂੰ ਮੁੜ ਸੁਰਜੀਤ ਕਰਨ ਤੋਂ ਬਾਅਦ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਗਿਆ ਸੀ। ਪਿੰਡ ਖੁੱਡਾ ਅਲੀਸ਼ੇਰ ਵਿਖੇ ਤੀਜੇ ਜਲਘਰ ਨੂੰ ਮੁੜ ਸੁਰਜੀਤ ਕਰਨ ਦਾ ਕੰਮ ਜਾਰੀ ਹੈ ਅਤੇ ਇਸ ਮਹੀਨੇ ਦੇ ਅੰਤ ਤੱਕ ਮੁਕੰਮਲ ਹੋ ਜਾਵੇਗਾ। ਮੇਅਰ ਸਰਬਜੀਤ ਕੌਰ ਨੇ ਕਿਹਾ ਕਿ ਨਗਰ ਨਿਗਮ ਚੰਡੀਗੜ੍ਹ ਨੇ ਪਿੰਡ ਡੱਡੂ ਮਾਜਰਾ ਵਿਖੇ ਚੌਥੇ ਜਲਘਰ ਨੂੰ ਮੁੜ ਸੁਰਜੀਤ ਕਰਨ ਦੀ ਯੋਜਨਾ ਬਣਾਈ ਹੈ ਅਤੇ ਇਹ ਕੰਮ 15 ਅਗਸਤ 2023 ਤੋਂ ਪਹਿਲਾਂ ਮੁਕੰਮਲ ਕਰ ਲਿਆ ਜਾਵੇਗਾ।