ਕੁਲਦੀਪ ਸਿੰਘ
ਚੰਡੀਗੜ੍ਹ, 23 ਜਨਵਰੀ
ਇਹ ਸ਼ਹਿਰ ਅੱਜ ਉਸ ਸਮੇਂ ‘ਕਿਸਾਨਗੜ੍ਹ’ ਦਾ ਰੂਪ ਧਾਰ ਗਿਆ ਜਦੋਂ ਖੇਤੀ ਕਾਨੂੰਨਾਂ ਵਿਰੁੱਧ 26 ਜਨਵਰੀ ਦੀ ‘ਕਿਸਾਨ ਪਰੇਡ’ ਦੇ ਸਮਰਥਨ ਵਿੱਚ ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਵੱਲੋਂ ਸ਼ਹਿਰ ਵਿੱਚ ਟਰੈਕਟਰ ਰੈਲੀ ਕੱਢੀ ਗਈ। ਇਸ ਦੌਰਾਨ ਕਿਸਾਨ ਪੱਖੀ ਝੰਡਿਆਂ ਵਾਲੇ ਹਰੇ-ਪੀਲ਼ੇ ਰੰਗ ਦੇ ਟਰੈਕਟਰ ਘੁੰਮਦੇ ਦਿਖਾਈ ਦਿੱਤੇ। ਰੈਲੀ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਹਰਦੀਪ ਬੁਟੇਰਲਾ ਅਤੇ ਚੰਡੀਗੜ੍ਹ ਪੰਜਾਬੀ ਮੰਚ ਦੇ ਪ੍ਰਧਾਨ ਸੁਖਜੀਤ ਸਿੰਘ ਸੁੱਖਾ ਦੀ ਅਗਵਾਈ ਵਿੱਚ ਵੀ ਕਿਸਾਨਾਂ ਨੇ ਟਰੈਕਟਰਾਂ ਤੇ ਕਾਰਾਂ ਸਮੇਤ ਸ਼ਾਮਿਲ ਹੋ ਕੇ ਕਿਸਾਨ ਪਰੇਡ ਦਾ ਡਟਵਾਂ ਸਮਰਥਨ ਕੀਤਾ।
ਸੰਘਰਸ਼ ਕਮੇਟੀ ਕਮੇਟੀ ਦੇ ਪ੍ਰਧਾਨ ਨੰਬਰਦਾਰ ਦਲਜੀਤ ਸਿੰਘ ਪਲਸੌਰਾ, ਸਰਪ੍ਰਸਤ ਬਾਬਾ ਸਾਧੂ ਸਿੰਘ ਸਾਰੰਗਪੁਰ, ਬਾਬਾ ਗੁਰਦਿਆਲ ਸਿੰਘ ਖੁੱਡਾ ਅਲੀਸ਼ੇਰ ਤੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਸੋਮਲ ਨੇ ਦੱਸਿਆ ਕਿ ਇਹ ਟਰੈਕਟਰ ਰੈਲੀ ਸਵੇਰੇ ਪਿੰਡ ਧਨਾਸ ਦੇ ਬੱਸ ਅੱਡੇ ਤੋਂ ਸ਼ੁਰੂ ਹੋ ਕੇ ਸਾਰੰਗਪੁਰ, ਖੁੱਡਾ ਲਾਹੌਰਾ, ਖੁੱਡਾ ਜੱਸੂ, ਖੁੱਡਾ ਅਲੀਸ਼ੇਰ, ਕੈਂਬਵਾਲਾ, ਸਕੇਤੜੀ, ਕਿਸ਼ਨਗੜ੍ਹ, ਮਨੀਮਾਜਰਾ, ਦੜੂਆ, ਮੌਲ਼ੀ, ਰਾਏਪੁਰ ਕਲਾਂ, ਮੱਖਣ ਮਾਜਰਾ, ਰਾਏਪੁਰ ਖੁਰਦ, ਬਹਿਲਾਣਾ, ਹੱਲੋਮਾਜਰਾ, ਬੁੜੈਲ, ਕਜਹੇੜੀ, ਅਟਾਵਾ, ਬੁਟੇਰਲਾ, ਬਡਹੇੜੀ, ਪਲਸੌਰਾ, ਮਲੋਆ ਪਿੰਡਾਂ ਵਿੱਚੋਂ ਹੁੰਦੀ ਹੋਈ ਡੱਡੂਮਾਜਰਾ ਸਥਿਤ ਸਟੇਡੀਅਮ ਕੋਲ ਆ ਕੇ ਸਮਾਪਤ ਹੋਈ। ਕਮੇਟੀ ਦੇ ਅਹੁਦੇਦਾਰ ਜੋਗਿੰਦਰ ਸਿੰਘ ਬੁੜੈਲ ਨੇ ਦੱਸਿਆ ਕਿ ਰੈਲੀ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਟਰੈਕਟਰਾਂ ਕਾਰਾਂ ਸਮੇਤ ਸ਼ਮੂਲੀਅਤ ਕੀਤੀ। ਰਸਤੇ ਵਿੱਚ ਰੈਲੀ ਦੀ ਵਜ੍ਹਾ ਨਾ ਲੱਗਣ ਵਾਲੇ ਟਰੈਫ਼ਿਕ ਦੇ ਜਾਮ ਖੁਲ੍ਹਵਾਉਣ ਵਿੱਚ ਚੰਡੀਗੜ੍ਹ ਟ੍ਰੈਫ਼ਿਕ ਪੁਲੀਸ ਭਾਵੇਂ ਬੇਵੱਸ ਨਜ਼ਰ ਆਈ ਪ੍ਰੰਤੂ ਕਿਸਾਨਾਂ ਨੇ ਖ਼ੁਦ ਹੀ ਕਮਾਨ ਸੰਭਾਲ ਕੇ ਟ੍ਰੈਫ਼ਿਕ ਨੂੰ ਸੁਚਾਰੂ ਢੰਗ ਨਾਲ ਚਲਾਇਆ ਅਤੇ ਕਿਸੇ ਨੂੰ ਵੀ ਕੋਈ ਦਿੱਕਤ ਨਹੀਂ ਆਉਣ ਦਿੱਤੀ। ਰੈਲੀ ਦੌਰਾਨ ਚੰਡੀਗੜ੍ਹ ਦੇ ਪਿੰਡਾਂ ਵਿੱਚ ਥਾਂ-ਥਾਂ ਚਾਹ ਦੇ ਲੰਗਰ ਵੀ ਲਗਾਏ ਹੋਏ ਸਨ। ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਨੇ ਪ੍ਰਧਾਨ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨੋਂ ਖੇਤੀ ਕਾਨੂੰਨਾਂ ਦੀ ਨਿੰਦਾ ਕੀਤੀ ਅਤੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕੀਤੀ। ਇਸ ਤੋਂ ਇਲਾਵਾ ਚੰਡੀਗੜ੍ਹ ਮੁਹਾਲੀ ਦੀਆਂ ਦੋਧੀ ਯੂਨੀਅਨਾਂ ਵੱਲੋਂ ਵੀ ਸਾਂਝੇ ਤੌਰ ’ਤੇ ਟਰੈਕਟਰ ਰੈਲੀ ਸੈਕਟਰ 44 ਸਥਿਤ ਗੁਰਦੁਆਰਾ ਬਾਗ ਸ਼ਹੀਦਾਂ ਤੋਂ ਸੋਹਾਣਾ (ਮੋਹਾਲੀ) ਤੱਕ ਕੱਢੀ ਗਈ।
ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 23 ਜਨਵਰੀ
ਸਮਾਜਿਕ ਪਰਿਵਰਤਨ ਅਤੇ ਔਰਤਾਂ ਵਿਰੁੱਧ ਅੱਤਿਆਚਾਰਾਂ ਖ਼ਿਲਾਫ਼ ਕਾਰਜਸ਼ੀਲ ਸਮਾਜ ਸੇਵੀ ਸੰਸਥਾ ਦਿਸ਼ਾ ਵਿਮੈਨ ਵੈਲਫੇਅਰ ਟਰੱਸਟ ਵੱਲੋਂ ਅੱਜ ਪ੍ਰਧਾਨ ਹਰਦੀਪ ਕੌਰ ਵਿਰਕ ਦੀ ਅਗਵਾਈ ਹੇਠ ਟਰੈਕਟਰ ਰੈਲੀ ਕੱਢੀ ਗਈ ਜਿਸ ਵਿੱਚ ਇਲਾਕੇ ਦੀਆਂ ਵੱਡੀ ਗਿਣਤੀ ਵਿੱਚ ਔਰਤਾਂ ਨੇ ਸ਼ਿਰਕਤ ਕੀਤੀ। ਟਰੈਕਟਰ ਰੈਲੀ ਦੇ ਆਗਾਜ਼ ਤੋਂ ਪਹਿਲਾਂ ਇਤਿਹਾਸਕ ਗੁਰਦੁਆਰਾ ਸ੍ਰੀ ਅੰਬ ਸਾਹਿਬ ਫੇਜ਼-8 ਵਿੱਚ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦਿੱਲੀ ਦੀਆਂ ਬਰੂਹਾਂ ’ਤੇ ਧਰਨੇ ’ਤੇ ਬੈਠੇ ਕਿਸਾਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ।
ਇਸ ਮਗਰੋਂ ਸੰਸਥਾ ਦੀ ਪ੍ਰਧਾਨ ਹਰਦੀਪ ਕੌਰ ਵਿਰਕ ਨੇ ਖ਼ੁਦ ਟਰੈਕਟਰ ਚਲਾ ਕੇ ਰੈਲੀ ਦੀ ਅਗਵਾਈ ਕੀਤੀ। ਅੰਤਰਰਾਸ਼ਟਰੀ ਗਾਇਕਾ ਆਰਦੀਪ ਰਮਨ ਨੇ ਕਿਸਾਨੀ ਦੇ ਨਾਲ ਸਬੰਧਤ ਗੀਤ ਗਾ ਕੇ ਰੈਲੀ ਦੇ ਵਿੱਚ ਜੋਸ਼ ਭਰਿਆ। ਬੀਬੀ ਗੁਰਪ੍ਰੀਤ ਕੌਰ ਸੰਧਵਾਂ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੇ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ ਜਿਸ ਨੂੰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਰੈਲੀ ਵਿੱਚ ਟਰੈਕਟਰ ਲੈ ਕੇ ਆਉਣ ਦੀ ਸੇਵਾ ਸ਼ੌਂਕੀ ਬਹਿਲੋਲਪੁਰ, ਬਿੱਟੂ ਗੁੱਜਰ, ਸ਼ੇਰ ਸਿੰਘ, ਕਾਲਾ, ਗੌਤਮ ਗੋਲਾ ਰੁੜਕਾ, ਮਿੰਟੂ ਗੁੱਜਰ, ਨਰੇਸ਼ ਥੰਬੜ, ਦੀਪੂ ਨਾਢਾ, ਅਰਣ ਘੰਡੋਲੀ, ਦੀਪ ਮੀਡੀਆ ਰਿਲੇਸ਼ਨ ਦੇ ਡਾਇਰੈਕਟਰ ਗਗਨਦੀਪ ਸਿੰਘ ਵਿਰਕ ਅਤੇ ਪ੍ਰੀਤ ਨੇ ਨਿਭਾਈ ਗਈ।
ਇਸ ਮੌਕੇ ਦਿਸ਼ਾ ਟਰੱਸਟ ਦੇ ਮੀਤ ਪ੍ਰਧਾਨ ਕੁਲਦੀਪ ਕੌਰ, ਗੁਰਮੀਤ ਕੁਲਾਰ, ਸੁਖਵਿੰਦਰ ਕੌਰ, ਮਨਦੀਪ ਕੌਰ ਬੈਂਸ ਸਮੇਤ ਗਿਣਤੀ ਵਿੱਚ ਦਿਸ਼ਾ ਟਰੱਸਟ ਦੀਆਂ ਮੈਂਬਰ ਔਰਤਾਂ ਮੌਜੂਦ ਸਨ।
ਇਸਤਰੀ ਸਭਾ ਵੱਲੋਂ ਕਿਸਾਨ ਸੰਘਰਸ਼ ਦੀ ਹਮਾਇਤ ਵਿੱਚ ਧਰਨਾ
ਐਸ.ਏ.ਐਸ.ਨਗਰ (ਮੁਹਾਲੀ) (ਕਰਮਜੀਤ ਸਿੰਘ ਚਿੱਲਾ): ਕਿਸਾਨ ਸੰਘਰਸ਼ ਦੀ ਹਮਾਇਤ ਅਤੇ 26 ਜਨਵਰੀ ਦੀ ਟਰੈਕਟਰ ਪਰੇਡ ਦੀ ਲਾਮਬੰਦੀ ਲਈ ਪੰਜਾਬ ਇਸਤਰੀ ਸਭਾ ਵੱਲੋਂ ਅੱਜ ਇੱਥੋਂ ਦੇ ਸੈਕਟਰ 68 ਦੀ ਮਾਰਕੀਟ ਵਿੱਚ ਰੋਸ ਧਰਨਾ ਦਿੱਤਾ ਗਿਆ। ਸਭਾ ਦੀ ਆਗੂ ਅਮਰਜੀਤ ਕੌਰ ਦੀ ਅਗਵਾਈ ਹੇਠ ਦਿੱਤੇ ਧਰਨੇ ਮੌਕੇ ਸੁਚੇਤਕ ਰੰਗ ਮੰਚ ਦੀ ਟੀਮ ਵੱਲੋਂ ਅਨੀਤਾ ਸ਼ਬਦੀਸ਼ ਦੀ ਅਗਵਾਈ ਹੇਠ ਕਿਸਾਨੀ ਸੰਘਰਸ਼ ਲਈ ਲਾਮਬੰਦੀ ਪੈਦਾ ਕਰਦਾ ਨਾਟਕ ‘ਜੇ ਹੁਣ ਵੀ ਨਾ ਬੋਲੇ” ਖੇਡਿਆ ਗਿਆ। ਇਸ ਮੌਕੇ ਅਮਰਜੀਤ ਕੌਰ ਨੇ ਕਿਹਾ ਕਿ ਮੋਦੀ ਸਰਕਾਰ ਨੇ ਤਿੰਨੇ ਕਾਲੇ ਕਾਨੂੰਨ ਪਾਸ ਕਰਕੇ ਖੇਤੀਬਾੜੀ ਸੈਕਟਰ ਨੂੰ ਅਡਾਨੀ-ਅੰਬਾਨੀ ਦੀ ਝੋਲੀ ਵਿੱਚ ਪਾ ਦਿੱਤਾ ਹੈ।