ਕੁਲਦੀਪ ਸਿੰਘ
ਚੰਡੀਗੜ੍ਹ, 16 ਸਤੰਬਰ
ਚੰਡੀਗੜ੍ਹ ਦੀ ਮੇਅਰ ਰਾਜ ਬਾਲਾ ਮਲਿਕ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਉਨ੍ਹਾਂ ਫੇਸਬੁੱਕ ਉੱਤੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਊਨ੍ਹਾਂ ਕਿਹਾ ਕਿ ਜਿਹੜੇ ਵੀ ਵਿਅਕਤੀ ਹਾਲ ਹੀ ਵਿੱਚ ਉਸ ਦੇ ਸੰਪਰਕ ਵਿੱਚ ਆਏ ਹਨ, ਉਹ ਆਪਣੇ ਕਰੋਨਾ ਟੈਸਟ ਕਰਵਾ ਲੈਣ। ਇਸੇ ਦੌਰਾਨ ਸ਼ਹਿਰ ਵਿੱਚ ਅੱਜ ਕਰੋਨਾਵਾਇਰਸ ਦੇ 366 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ ਜਦਕਿ 7 ਮਰੀਜ਼ਾਂ ਦੀ ਮੌਤ ਹੋਈ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਸੈਕਟਰ-11 ਵਾਸੀ 94 ਸਾਲਾਂ ਦੇ ਕਰੋਨਾ ਪੀੜਤ ਬਜ਼ੁਰਗ ਦੀ ਪੀਜੀਆਈ ਵਿਚ ਮੌਤ ਹੋਈ ਹੈ। ਇਸੇ ਤਰ੍ਹਾਂ ਸੈਕਟਰ-35 ਵਾਸੀ 78 ਸਾਲਾਂ ਦੇ ਵਿਅਕਤੀ ਦੀ ਫੋਰਟਿਸ ਹਸਪਤਾਲ ਮੁਹਾਲੀ ਵਿੱਚ ਮੌਤ ਹੋਈ ਹੈ ਅਤੇ ਸੈਕਟਰ-22 ਵਾਸੀ 75 ਸਾਲਾਂ ਦੇ ਬਜ਼ੁਰਗ ਨੇ ਜੀ.ਐੱਮ.ਐੱਸ.ਐੱਚ.-16 ਵਿਚ ਦਮ ਤੋੜ ਦਿੱਤਾ ਹੈ। ਇਕ ਹੋਰ ਜਾਣਕਾਰੀ ਅਨੁਸਾਰ ਰਾਮ ਦਰਬਾਰ ਦੇ ਵਸਨੀਕਾਂ ਦੀ ਜੀ.ਐਮ.ਸੀ.ਐਚ.-32 ਵਿਚ ਮੌਤਾਂ ਹੋਈਆਂ ਹਨ। ਸਿਹਤ ਵਿਭਾਗ ਮੁਤਾਬਕ ਇਨ੍ਹਾਂ ਵਿੱਚੋਂ ਇਕ ਮਰੀਜ਼ ਮੂਲ ਰੂਪ ਵਿੱਚ ਹਰਿਆਣਾ ਦੇ ਅੰਬਾਲਾ ਸ਼ਹਿਰ ਦਾ ਵਸਨੀਕ ਸੀ। ਇਸੇ ਤਰ੍ਹਾਂ ਸੈਕਟਰ-29 ਵਾਸੀ ਬਜ਼ੁਰਗ ਦੀ ਗ੍ਰੇਸ਼ੀਅਨ ਹਸਪਤਾਲ ਮੁਹਾਲੀ ਵਿਚ ਅਤੇ ਸੈਕਟਰ-48 ਵਾਸੀ 46 ਸਾਲਾਂ ਦੇ ਵਿਅਕਤੀ ਦੀ ਸੈਕਟਰ-48 ਦੇ ਸਿਵਲ ਹਸਪਤਾਲ ਵਿੱਚ ਮੌਤ ਹੋਈ ਹੈ। ਅੱਜ ਨਵੇਂ ਆਏ ਕਰੋਨਾ ਕੇਸ ਸੈਕਟਰ 2, 3, 6, 7, 8, 9, 10, 11, 14, 15, 16, 18, 19, 20, 21, 22, 24, 25, 26, 28, 29, 30, 31, 32, 33, 34, 35, 37, 38, 39, 40, 41, 42, 43, 44, 45, 46, 47, 48, 49, 50, 51, 52, 56, 63, 38-ਵੈਸਟ, ਪੀ.ਜੀ.ਆਈ. ਕੈਂਪਸ, ਇੰਡਸਟਰੀਅਲ ਏਰੀਆ ਫੇਜ਼-1 ਤੇ 2, ਬਾਪੂ ਧਾਮ ਕਲੋਨੀ, ਬਹਿਲਾਣਾ, ਬੁੜੈਲ, ਦੜੂਆ, ਹੱਲੋਮਾਜਰਾ, ਖੁੱਡਾ ਅਲੀਸ਼ੇਰ, ਖੁੱਡਾ ਲਾਹੌਰਾ, ਕਿਸ਼ਨਗੜ੍ਹ, ਮੌਲੀ ਜੱਗਰਾਂ, ਰਾਏਪੁਰ ਖੁਰਦ, ਸਾਰੰਗਪੁਰ ਨਾਲ ਸਬੰਧਤ ਹਨ। ਸ਼ਹਿਰ ਵਿੱਚ ਕਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 8958 ਹੈ ਤੇ ਅੱਜ 181 ਮਰੀਜ਼ ਡਿਸਚਾਰਜ ਹੋਏ ਹਨ। ਹੁਣ ਤੱਕ ਕੁੱਲ 101 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਤੇ ਐਕਟਿਵ ਕੇਸਾਂ ਦੀ ਗਿਣਤੀ 3171 ਹੈ।
ਪੰਚਕੂਲਾ (ਪੀਪੀ ਵਰਮਾ): ਪੰਚਕੂਲਾ ਜ਼ਿਲ੍ਹੇ ਵਿੱਚ ਬੀਤੇ 24 ਘੰਟਿਆਂ ਦੌਰਾਨ ਕਰੋਨਾ ਦੇ 147 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ ਪੰਚਕੂਲਾ ਇਲਾਕੇ ਨਾਲ ਸਬੰਧਤ 110 ਕੇਸ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਦੋ ਮੌਤਾਂ ਵੀ ਹੋਈਆਂ ਹਨ। ਮਰਨ ਵਾਲਿਆਂ ਵਿੱਚ ਪਿੰਜੌਰ ਦਾ ਬਜ਼ੁਰਗ ਅਤੇ ਇੰਦਰਾ ਕਲੋਨੀ ਪੰਚਕੂਲਾ ਦੀ ਰਹਿਣ ਵਾਲੀ 14 ਸਾਲਾਂ ਦੀ ਲੜਕੀ ਸ਼ਾਮਲ ਹੈ।
ਮੁਹਾਲੀ ਜ਼ਿਲ੍ਹੇ ਵਿੱਚ ਤਿੰਨ ਮੌਤਾਂ; 249 ਨਵੇਂ ਕੇਸ
ਮੁਹਾਲੀ (ਦਰਸ਼ਨ ਸਿੰਘ ਸੋਢੀ): ਮੁਹਾਲੀ ਜ਼ਿਲ੍ਹੇ ਵਿੱਚ ਕਰੋਨਾਵਾਇਰਸ ਦੇ 249 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਜ਼ਿਲ੍ਹੇ ਵਿੱਚ ਮਰੀਜ਼ਾਂ ਦੀ ਗਿਣਤੀ ਵੱਧ ਕੇ 7374 ਹੋ ਗਈ ਹੈ। ਅੱਜ ਤਿੰਨ ਕਰੋਨਾ ਮਰੀਜ਼ਾਂ ਦੀ ਮੌਤ ਹੋਈ ਹੈ ਅਤੇ ਹੁਣ ਤੱਕ 148 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸੇ ਦੌਰਾਨ ਅੱਜ 123 ਮਰੀਜ਼ਾਂ ਨੂੰ ਡਿਸਚਾਰਜ ਕੀਤਾ ਗਿਆ ਹੈ। ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਪਿੰਡ ਕਾਰਕੌਰ ਦੇ ਨੌਜਵਾਨ ਦੀ ਮੌਤ ਹੋਈ ਹੈ। ਉਹ ਮਿਸ਼ਲ ਹਸਪਤਾਲ ਅੰਬਾਲਾ ਵਿੱਚ ਦਾਖਲ ਸੀ। ਇਸੇ ਤਰ੍ਹਾਂ ਖਰੜ ਦੇ ਬਜ਼ੁਰਗ ਨੇ ਪੀਜੀਆਈ ਹਸਪਤਾਲ ਵਿੱਚ ਦਮ ਤੋੜ ਦਿੱਤਾ ਹੈ ਅਤੇ ਡੇਰਾਬੱਸੀ ਦੇ 39 ਸਾਲਾਂ ਦੇ ਪੁਰਸ਼ ਦੀ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ ਪਿੰਡ ਕਾਰਕੌਰ ਦੇ ਨੌਜਵਾਨ ਨੂੰ ਛੱਡ ਕੇ ਬਾਕੀ ਦੋਵੇਂ ਮਰੀਜ਼ ਪਹਿਲਾਂ ਤੋਂ ਹੀ ਬਿਮਾਰੀਆਂ ਤੋਂ ਪੀੜਤ ਸਨ। ਊਨ੍ਹਾਂ ਦੱਸਿਆ ਕਿ ਨਵੇਂ ਆਏ ਕੇਸਾਂ ਵਿੱਚ ਮੁਹਾਲੀ ਸ਼ਹਿਰੀ ਖੇਤਰ ਵਿੱਚੋਂ 69 ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਜਦੋਂਕਿ ਖਰੜ ਵਿੱਚੋਂ 20, ਘੜੂੰਆਂ ਬਲਾਕ ਅਧੀਨ ਪੇਂਡੂ ਖੇਤਰ ਵਿੱਚ 47, ਬੂਥਗੜ੍ਹ ਵਿੱਚ 4, ਕੁਰਾਲੀ ਵਿੱਚ 11, ਬਨੂੜ ਵਿੱਚ 9, ਢਕੌਲੀ ਵਿੱਚ 46, ਲਾਲੜੂ ਵਿੱਚ 9 ਅਤੇ ਡੇਰਾਬੱਸੀ ਵਿੱਚ ਕਰੋਨਾ ਮਹਾਮਾਰੀ ਦੇ 17 ਨਵੇਂ ਮਾਮਲੇ ਸਾਹਮਣੇ ਆਏ ਹਨ। ਮੁਹਾਲੀ ਜ਼ਿਲ੍ਹੇ ਵਿੱਚ ਇਸ ਸਮੇਂ 2443 ਕੇਸ ਐਕਟਿਵ ਹਨ ਤੇ 4783 ਮਰੀਜ਼ ਸਿਹਤਯਾਬ ਹੋ ਕੇ ਘਰ ਪਰਤ ਚੁੱਕੇ ਹਨ।