ਚੰਡੀਗੜ੍ਹ: ਚੰਡੀਗੜ੍ਹ ਵਿੱਚ ਕਰੋਨਾਵਾਇਰਸ ਦੇ ਕੇਸਾਂ ਦੀ ਗਿਣਤੀ ਘਟਣ ਮਗਰੋਂ ਯੂਟੀ ਪ੍ਰਸ਼ਾਸਨ ਨੇ ਵਪਾਰੀ ਵਰਗ ਨੂੰ ਕੁਝ ਰਾਹਤ ਦਿੱਤੀ ਹੈ ਜਿਸ ਦੇ ਚਲਦਿਆਂ ਅੱਜ ਸ਼ਹਿਰ ਦੇ ਬਾਜ਼ਾਰਾਂ ਵਿੱਚ ਤਿੰਨ ਹਫ਼ਤੇ ਬਾਅਦ ਰੌਣਕਾਂ ਦਿਖਾਈ ਦਿੱਤੀਆਂ। ਦੁਕਾਨਾਂ ਤਾਂ ਸਵੇਰੇ ਹੀ ਖੁੱਲ੍ਹ ਗਈਆਂ ਸਨ ਪਰ ਦੁਕਾਨਾਂ ’ਤੇ ਗਾਹਕ ਘੱਟ ਦਿਖਾਈ ਦਿੱਤੇ। ਇਸੇ ਦੌਰਾਨ ਸੰਪਰਕ ਸੈਂਟਰ ਖੁੱਲ੍ਹਦੇ ਸਾਰ ਅੱਜ ਇਨ੍ਹਾਂ ਸੈਟਰਾਂ ’ਤੇ ਵੀ ਲੋਕਾਂ ਦੀ ਭੀੜ ਲੱਗ ਗਈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਸਿਰਫ਼ ਸ਼ਹਿਰ ਦੇ ਸੈਕਟਰ-17 ਅਤੇ 43 ਵਾਲੇ ਸੰਪਰਕ ਸੈਂਟਰਾਂ ਨੂੰ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਗਈ ਸੀ ਤੇ ਯੂਟੀ ਪ੍ਰਸ਼ਾਸਨ ਨੇ ਹੁਣ ਸਾਰੇ ਸੰਪਰਕ ਸੈਂਟਰ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ। ਇਹ ਸੰਪਰਕ ਸੈਂਟਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹੇ ਰਹਿੰਦੇ ਹਨ। -ਟ੍ਰਿਬਿਊਨ ਟਿਊਜ਼ ਸਰਵਿਸ