ਪੱਤਰ ਪ੍ਰੇਰਕ
ਚੰਡੀਗੜ੍ਹ, 16 ਜੁਲਾਈ
ਚੰਡੀਗੜ੍ਹ ਵਿੱਚੋਂ ਦੂਸਰੇ ਸੂਬਿਆਂ ਵਿੱਚ ਹੋ ਰਹੀ ਸ਼ਰਾਬ ਦੀ ਤਸਕਰੀ ਨੂੰ ਰੋਕਣ ਲਈ ਯੂਟੀ ਪ੍ਰਸ਼ਾਸਨ ਨੇ ਨਵੀਂ ਸਕੀਮ ਤਿਆਰ ਕੀਤੀ ਹੈ। ਇਸ ਸਕੀਮ ਤਹਿਤ ਹੁਣ ਚੰਡੀਗੜ੍ਹ ਵਾਲੀ ਸ਼ਰਾਬ ਦੀ ਹਰੇਕ ਬੋਤਲ ’ਤੇ ਬਾਰਕੋਡ ਪ੍ਰਿੰਟ ਕੀਤਾ ਜਾਵੇਗਾ। ਜੇਕਰ ਚੰਡੀਗੜ੍ਹ ਦੀ ਸ਼ਰਾਬ ਸੀਮਾ ਤੋਂ ਬਾਹਰ ਜਾਂਦੀ ਹੈ ਤਾਂ ਬੋਤਲ ਉੱਤੇ ਪ੍ਰਿੰਟ ਹੋਇਆ ਬਾਰਕੋਡ ਸਕੈਨ ਕਰਦਿਆਂ ਹੀ ਪਤਾ ਲੱਗ ਜਾਵੇਗਾ ਕਿ ਇਹ ਕਿੱਥੋਂ ਦੀ ਸ਼ਰਾਬ ਹੈ। ਯੂਟੀ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ (ਆਈਏਐੱਸ) ਨੇ ਸ਼ਰਾਬ ਦੀ ਤਸਕਰੀ ਨੂੰ ਰੋਕਣ ਲਈ ਇਹ ਬਾਰਕੋਡ ਵਾਲੀ ਤਕਨੀਕ ਅਪਨਾਉਣ ਦੇ ਹੁਕਮ ਜਾਰੀ ਕੀਤੇ ਹਨ। ਮੀਟਿੰਗ ਵਿੱਚ ਕਰ ਤੇ ਆਬਕਾਰੀ ਵਿਭਾਗ ਪੰਜਾਬ ਤੋਂ ਵੇਣੂ ਪ੍ਰਸਾਦ, ਹਰਿਆਣਾ ਕਰ ਤੇ ਆਬਕਾਰੀ ਵਿਭਾਗ ਵੱਲੋਂ ਅਨੁਰਾਗ ਰਸਤੋਗੀ, ਫਾਈਨਾਂਸ-ਕਮ-ਐਕਸਾਈਜ ਐਂਡ ਟੈਕਸੇਸ਼ਨ ਸੈਕਟਰੀ ਵਿਜੇ ਨਾਮਦੇਵ ਰਾਓ ਜੈਦੇ, ਡਿਪਟੀ ਕਮਿਸ਼ਨਰ ਚੰਡੀਗੜ੍ਹ ਮਨਦੀਪ ਸਿੰਘ ਬਰਾੜ ਸਮੇਤ ਪੰਜਾਬ ਅਤੇ ਹਰਿਆਣਾ ਦੇ ਕਈ ਅਧਿਕਾਰੀ ਮੌਜੂਦ ਸਨ। ਸਲਾਹਕਾਰ ਧਰਮਪਾਲ ਨੇ ਤਸਕਰੀ ਰੋਕਣ ਲਈ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ ਵਿੱਚ ਇਹ ਤਕਨੀਕ ਅਪਨਾਉਣ ਲਈ ਕਿਹਾ ਹੈ। ਇਹ ਫ਼ੈਸਲਾ ਵੀ ਲਿਆ ਗਿਆ ਕਿ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਆਪਸ ਵਿੱਚ ਤਾਲਮੇਲ ਬਣਾਈ ਰੱਖਣਗੇ ਅਤੇ ਜਾਣਕਾਰੀਆਂ ਸਾਂਝੀਆਂ ਕਰਦੇ ਰਹਿਣਗੇ।