ਆਤਿਸ਼ ਗੁਪਤਾ
ਚੰਡੀਗੜ੍ਹ, 15 ਸਤੰਬਰ
ਮਹਿਲਾ ਕਾਂਗਰਸ ਨੇ ਅੱਜ ਆਪਣਾ 38ਵਾਂ ਸਥਾਪਨਾ ਦਿਵਸ ਮਨਾਇਆ। ਕੌਮੀ ਪ੍ਰਧਾਨ ਸੁਸ਼ਮਿਤਾ ਦੇਵ ਨੇ ਚੰਡੀਗੜ੍ਹ ’ਚ ਇਸ ਸਬੰਧੀ ਕਰਵਾਏ ਸਮਾਗਮ ਦੌਰਾਨ ਕਿਹਾ ਕਿ ਕਾਂਗਰਸ ਦੇ ਕਾਰਜਕਾਲ ਦੌਰਾਨ ਚੰਡੀਗੜ੍ਹ ਸਫਾਈ ’ਚ ਨੰਬਰ 1 ਸੀ ਅਤੇ ਅੱਜ ਨੰਬਰ 16 ’ਤੇ ਪਹੁੰਚ ਗਿਆ ਹੈ। ਸੁਸ਼ਮੀਤਾ ਦੇਵ ਨੇ ਸੰਸਦ ਮੈਂਬਰ ਕਿਰਨ ਖੇਰ ’ਤੇ ਦੋਸ਼ ਲਗਾਇਆ ਕਿ ਰਾਜਨੀਤੀ ’ਚ ਲੋਕਾਂ ਦੀ ਸੇਵਾ ਕਰਨਾ ਸਭ ਤੋਂ ਵੱਡਾ ਧਰਮ ਹੈ, ਪਰ ਚੰਡੀਗੜ੍ਹ ਦੀ ਸੰਸਦ ਮੈਂਬਰ ਹੀ ਗਾਇਬ ਹੈ। ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਨੇ ਕਿਹਾ ਕਿ ਕਾਂਗਰਸ ਨੇ ਮਹਿਲਾਵਾਂ ਨੂੰ ਅੱਗੇ ਵਧਣ ਦਾ ਮੌਕਾ ਦਿੱਤਾ ਹੈ। ਕਾਂਗਰਸ ਦੇ ਕਾਰਜਕਾਲ ਦੌਰਾਨ ਪਹਿਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ, ਪਹਿਲੀ ਰਾਸ਼ਟਰਪਤੀ ਪ੍ਰਤੀਭਾ ਪਾਟਿਲ ਬਣੀ, ਪਹਿਲਾ ਲੋਕ ਸਭਾ ਸਪੀਕਰ ਮੀਰਾ ਕੁਮਾਰੀ ਬਣੀ ਅਤੇ ਅੱਜ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਹੈ। ਸ੍ਰੀ ਬਾਂਸਲ ਨੇ ਕਿਹਾ ਕਿ ਅੱਜ ਦੇਸ਼ ਆਰਥਿਕ ਸੰਕਦ ਦਾ ਸਾਹਮਣਾ ਕਰ ਰਿਹਾ ਹੈ ਅਤੇ ਕਾਂਗਰਸ ਲੋਕਾਂ ਦੀ ਆਵਾਜ਼ ਚੁਕਦੀ ਰਹੇਗੀ।
ਚੰਡੀਗੜ੍ਹ ਮਹਿਲਾ ਕਾਂਗਰਸ ਦੀ ਪ੍ਰਧਾਨ ਦੀਪਾ ਦੂਬੇ ਨੇ ਕਿਹਾ ਕਿ ਚੰਡੀਗੜ੍ਹ ’ਚ ਮਹਿਲਾਵਾਂ ਸੁਰੱਖਿਅਤ ਨਹੀਂ ਹਨ। ਸ਼ਹਿਰ ’ਚ ਰੋਜ਼ਾਨਾ ਝਪਟਮਾਰੀ ਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਸ ਮੌਕੇ ਮਹਿਲਾ ਕਾਂਗਰਸ ਨੇ ਵਿਦਿਆਰਥੀਆਂ ਨੂੰ ਮੋਬਾਈਲ ਫੋਨ ਦਿੱਤੇ ਤਾਂ ਜੋ ਬੱਚੇ ਆਨਲਾਈ ਪੜ੍ਹਾਈ ਕਰ ਸਕਣ। ਇਸ ਮੌਕੇ ਮਧੂ ਬਾਂਸਲ, ਨੀਤੂ ਵਰਮਾ, ਨੰਦਿਤਾ ਹੁੱਡਾ, ਸਵਿਤਾ ਸ਼ੇਖਾਵਤ, ਪਰਮਿੰਦਰ ਕੌਰ, ਮਮਤਾ ਸਮੇਤ ਵੱਡੀ ਗਿਣਤੀ ਵਿੱਚ ਮਹਿਲਾ ਕਾਂਗਰਸ ਦੇ ਮੈਂਬਰ ਹਾਜ਼ਰ ਸਨ।