ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 19 ਅਕਤੂਬਰ
ਚੰਡੀਗੜ੍ਹ ਹਾਊਸਿੰਗ ਬੋਰਡ ਨੇ ਆਪਣੀਆਂ ਬਿਲਟ-ਅਪ ਰਿਹਾਇਸ਼ੀ ਇਕਾਈਆਂ (ਫਰੀ-ਹੋਲਡ ਅਤੇ ਲੀਜ਼ ਹੋਲਡ) ਅਤੇ ਬਿਲਟ-ਅਪ ਕਮਰਸ਼ੀਅਲ ਯੂਨਿਟਾਂ (ਲੀਜ਼-ਹੋਲਡ) ਦੀ ਵਿਕਰੀ ਲਈ ਲਗਾਈ ਗਈ ਈ-ਬੋਲੀ ਤੋਂ 16 ਕਰੋੜ 30 ਲੱਖ ਰੁਪਏ ਦੇ ਕਮਾਈ ਕੀਤੀ। ਬੋਰਡ ਵਲੋਂ ਆਪਣੀਆਂ 28 ਫਰੀ ਹੋਲਡ ਅਤੇ 31 ਲੀਜ਼ ਹੋਲਡ ਵਾਲੀਆਂ ਰਿਹਾਇਸ਼ੀ ਇਕਾਈਆਂ ਸਮੇਤ 132 ਵਪਾਰਕ ਲੀਜ਼ ਹੋਲਡ ਇਕਾਈਆਂ ਲਈ ਈ-ਬੋਲੀ ਲਗਾਈ ਗਈ ਸੀ। ਹਾਊਸਿੰਗ ਬੋਰਡ ਇਨ੍ਹਾਂ ਵਿਚੋਂ 9 ਫਰੀ ਹੋਲਡ ਅਤੇ 4 ਲੀਜ਼ ਹੋਲਡ ਰਿਹਾਇਸ਼ੀ ਇਕਾਈਆਂ ਸਮੇਤ 19 ਵਪਾਰਕ ਲੀਜ਼ ਹੋਲਡ ਇਕਾਈਆਂ ਨੂੰ ਵੇਚਣ ਵਿੱਚ ਸਫ਼ਲ ਹੋਇਆ ਹੈ। ਈ-ਬੋਲੀ ਵਿੱਚ ਹਾਊਸਿੰਗ ਬੋਰਡ ਨੇ ਇਨ੍ਹਾਂ ਇਕਾਈਆਂ ਦੀ ਰਾਖਵੀਂ ਕੀਮਤ ਤੋਂ ਬਾਰ੍ਹਾਂ ਫ਼ੀਸਦੀ ਜ਼ਿਆਦਾ ਦੀ ਕਮਾਈ ਕੀਤੀ। ਬੋਰਡ ਵੱਲੋਂ ਤੈਅ ਨਿਯਮਾਂ ਅਨੁਸਾਰ ਇਸ ਈ-ਬੋਲੀ ਵਿੱਚ ਸਫ਼ਲ ਰਹਿਣ ਵਾਲਿਆਂ ਨੂੰ ਇਸ ਮਹੀਨੇ 27 ਅਕਤੂਬਰ ਤਕ ਆਪਣੀ ਇਕਾਈ ਲਈ ਲਗਾਈ ਗਈ ਬੋਲੀ ਦੀ 25 ਫ਼ੀਸਦੀ ਰਕਮ ਬੋਰਡ ਦੇ ਖਾਤੇ ਵਿੱਚ ਜਮ੍ਹਾਂ ਕਰਵਾਉਣ ਦਾ ਸਮਾਂ ਦਿੱਤਾ ਹੈ। ਅਜਿਹਾ ਨਾ ਕਰਨ ਵਾਲਿਆਂ ਦੀ ਜ਼ਮਾਨਤ ਰਾਸ਼ੀ ਜ਼ਬਤ ਕਰ ਕੇ ਭਵਿੱਖ ਵਿੱਚ ਹਾਊਸਿੰਗ ਬੋਰਡ ਦੀ ਕਿਸੇ ਵੀ ਤਰ੍ਹਾਂ ਦੀ ਹੋਣ ਵਾਲੀ ਨਿਲਾਮੀ ਲਈ ਬਲੈਕਲਿਸਟ ਕਰ ਦਿੱਤਾ ਜਾਵੇਗਾ।