ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 12 ਅਕਤੂਬਰ
ਕਰੋਨਾ ਕਰਕੇ ਪੀਜੀਆਈ ਅਤੇ ਸੈਕਟਰ-16 ਦੇ ਸਰਕਾਰੀ ਹਸਪਤਾਲ ਵਿੱਚ ਬੰਦ ਕੀਤੀ ਓਪੀਡੀ ਸ਼ੁਰੂ ਕੀਤੇ ਜਾਣ ਦੇ ਨਾਲ ਹੀ ਲੋਕਾਂ ਦੀ ਭੀੜ ਹਸਪਤਾਲਾਂ ਵਿੱਚ ਪਹੁੰਚਣ ਲੱਗੀ ਹੈ। ਹਸਪਤਾਲਾਂ ਵਿੱਚ ਲੱਗਣ ਵਾਲੀ ਭੀੜ ’ਤੇ ਨੱਥ ਪਾਉਣ ਲਈ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਸ਼ਹਿਰ ਵਿਚਲੀ ਡਿਸਪੈਂਸਰੀਆਂ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਵੱਖ-ਵੱਖ ਸੈਕਟਰਾਂ ਵਿੱਚ ਸਥਿਤ ਡਿਸਪੈਂਸਰੀਆਂ ਵਿੱਚ ਡਾਕਟਰਾਂ ਦੀ ਗਿਣਤੀ ਵਧਾਈ ਜਾਵੇ ਅਤੇ ਹਰ ਤਰ੍ਹਾਂ ਦੀ ਬਿਮਾਰੀ ਦੇ ਡਾਕਟਰ ਤਾਇਨਾਤ ਕੀਤੇ ਜਾਣ ਤਾਂ ਜੋ ਪੀਜੀਆਈ ਅਤੇ ਸੈਕਟਰ-16 ਦੇ ਸਰਕਾਰੀ ਹਸਪਤਾਲਾਂ ਵਿੱਚ ਰੋਗੀਆਂ ਦੀ ਭੀੜ ਘਟਾਈ ਜਾ ਸਕੇ।
ਪ੍ਰਸ਼ਾਸਕ ਨੇ ਵਿਸ਼ੇਸ਼ ਸਕੱਤਰ ਸਿਹਤ ਨੂੰ ਆਦੇਸ਼ ਦਿੱਤੇ ਕਿ ਘਰਾਂ ਵਿੱਚ ਇਕਾਂਤਵਾਸ ਕੀਤੇ ਮਰੀਜ਼ਾਂ ਦੀ ਰੋਜ਼ਾਨਾ ਜਾਂਚ ਕੀਤੀ ਜਾਵੇ। ਉਨ੍ਹਾਂ ਨੂੰ ਜ਼ਰੂਰੀ ਦਵਾਈਆਂ ਅਤੇ ਸਿਹਤ ਕੀਟਾਂ ਮੁਹੱਈਆ ਕਰਵਾਈਆਂ ਜਾਣ। ਇਸ ਤੋਂ ਇਲਾਵਾ ਰੋਜ਼ਾਨਾ ਟੈਲੀਫੋਨ ਰਾਹੀਂ ਮਰੀਜ਼ਾਂ ਨਾਲ ਸੰਪਰਕ ਕਰਕੇ ਸਿਹਤ ਦਾ ਜਾਇਜ਼ਾ ਲਿਆ ਜਾਵੇ। ਪ੍ਰਸ਼ਾਸਕ ਨੇ ਡਿਪਟੀ ਕਮਿਸ਼ਨਰ ਨੂੰ ਕਿਹਾ ਕਿ ਤਿਉਹਾਰਾਂ ਦੌਰਾਨ ਸ਼ਹਿਰ ਵਿੱਚ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਯਕੀਨੀ ਕੀਤੀ ਜਾਵੇ।
ਇਸ ਮੌਕੇ ਪੀਜੀਆਈ ਦੇ ਡਾ. ਮਧੂ ਨੇ ਦੱਸਿਆ ਕਿ ਕੋਵਿਡ-19 ਦੀ ਦਵਾਈ ਲਈ 77 ਵਲੰਟੀਅਰਾਂ ਦੇ ਟੀਕਾਕਰਨ ਕੀਤਾ ਗਿਆ ਹੈ, ਜਿਸ ਵਿੱਚੋਂ 65 ਨੂੰ ਇਕ ਹਫ਼ਤਾ ਪੁੂਰਾ ਹੋ ਗਿਆ ਹੈ ਜਿਨ੍ਹਾਂ ਨੂੰ ਡਾਕਟਰਾਂ ਦੀ ਨਿਗਰਾਨੀ ਹੇਠ ਰੱਖਿਆ ਗਿਆ ਹੈ। ਡਾਇਰੈਕਟਰ ਸਿਹਤ ਸੇਵਾਵਾਂ ਡਾ. ਅਮਨਦੀਪ ਕੰਗ ਨੇ ਦੱਸਿਆ ਕਿ ਮੋਬਾਈਲ ਟੀਮਾਂ ਵੱਲੋਂ ਨਗਰ ਨਿਗਮ, ਯੂਟੀ ਸਕੱਤਰੇਤ, ਹੱਲੋਮਾਜਰਾ ਅਤੇ ਮਨੀਮਾਜਰਾ ਵਿੱਚ ਕਰੋਨਾ ਟੈਸਟ ਕੀਤੇ ਗਏ ਹਨ। ਜਿੱਥੇ ਕਰੋਨਾ ਟੈਸਟ ਕਰਵਾਉਣ ਦੇ ਚਾਹਵਾਨ ਵਿਅਕਤੀਆਂ ਦੇ ਟੈਸਟ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਮੁਹਿੰਮ ਪੁਲੀਸ ਕਲੋਨੀ, ਸਬਜ਼ੀ ਮੰਡੀ ਅਤੇ ਵੱਖ-ਵੱਖ ਸਮੁਦਾਇਕ ਕੇਂਦਰਾਂ ਵਿੱਚ ਵੀ ਚਲਾਈ ਜਾਵੇਗੀ।