ਆਤਿਸ਼ ਗੁਪਤਾ
ਚੰਡੀਗੜ੍ਹ, 17 ਜੁਲਾਈ
ਚੰਡੀਗੜ੍ਹ ਵਿਚ 72 ਘੰਟਿਆਂ ਤੋਂ ਪੈ ਰਹੇ ਮੀਂਹ ਕਰਕੇ ਸੁਖਨਾ ਝੀਲ ਵਿੱਚ ਪਾਣੀ ਖਤਰੇ ਦੇ ਨਿਸ਼ਾਨ ਤੋਂ ਟੱਪ ਗਿਆ ਹੈ। ਇਸ ਕਾਰਨ ਯੂਟੀ ਪ੍ਰਸ਼ਾਸਨ ਵੱਲੋਂ ਬੀਤੀ ਰਾਤ ਡੇਢ ਵਜੇ ਸੁਖਨਾ ਝੀਲ ਦਾ ਫਲੱਡ ਗੇਟ ਖੋਲ੍ਹ ਦਿੱਤਾ। ਫਲੱਡ ਗੇਟ ਖੋਲ੍ਹਣ ਤੋਂ ਬਾਅਦ ਬਲਟਾਣਾ, ਜ਼ੀਰਕਪੁਰ ਸਣੇ ਹੋਰ ਆਲੇ ਦੁਆਲੇ ਦੇ ਕਈ ਹੇਠਲੇ ਇਲਾਕੇ ਖ਼ਤਰੇ ਵਿੱਚ ਆ ਗਏ ਹਨ। ਗੇਟ ਐਤਵਾਰ ਦੁਪਹਿਰ ਤੱਕ ਬੰਦ ਨਹੀਂ ਕੀਤਾ ਗਿਆ। ਯੂਟੀ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਦੱਸਿਆ ਕਿ ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਭਾਰੀ ਮੀਂਹ ਪੈਣ ਕਰਕੇ ਫਲੱਡ ਗੇਟ ਕੁਝ ਹੋਰ ਸਮਾਂ ਖੁੱਲ੍ਹਿਆ ਰਹੇਗਾ। ਇਸ ਤੋਂ ਪਹਿਲਾਂ ਸਾਲ 2021 ਵਿੱਚ ਵੀ ਪਾਣੀ ਵਧਣ ਕਰਕੇ ਫਲੱਡ ਗੇਟ ਖੋਲ੍ਹੇ ਗਏ ਸਨ। ਉਸ ਸਮੇਂ ਪ੍ਰਸ਼ਾਸਨ ਨੇ ਮੁਸਤੈਦੀ ਨਾਲ ਇਕੋ ਵਾਰ ਦੀ ਥਾਂ ਹੌਲੀ-ਹੌਲੀ ਕਰਕੇ ਚਾਰ ਤੋਂ ਪੰਜ ਵਾਰ ਗੇਟ ਖੋਲ੍ਹੇ ਸਨ। ਸਾਲ 2019 ਵਿੱਚ ਵੀ ਪਾਣੀ ਖ਼ਤਰੇ ਦੇ ਨਿਸ਼ਾਨ ਤੱਕ ਪਹੁੰਚ ਗਿਆ ਸੀ ਪਰ ਫਲੱਡ ਗੇਟ ਖੋਲ੍ਹਣ ਦੀ ਲੋੜ ਨਹੀਂ ਸੀ ਪਈ। ਇਸ ਤੋਂ ਪਹਿਲਾਂ ਸਾਲ 2018 ਵਿੱਚ ਸੁਖਨਾ ਝੀਲ ਵਿੱਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਪਹੁੰਚਣ ਕਾਰਨ 2-3 ਘੰਟੇ ਫਲੱਡ ਗੇਟ ਖੋਲ੍ਹੇ ਗਏ ਸਨ, ਜਦਕਿ ਇਸ ਤੋਂ ਪਹਿਲਾਂ ਸਾਲ 2008 ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਗੇਟ ਖੋਲ੍ਹੇ ਗਏ ਸਨ।