ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 31 ਮਾਰਚ
ਯੂਟੀ ਦੇ ਪ੍ਰਾਈਵੇਟ ਸਕੂਲਾਂ ਦੀਆਂ ਬੱਸਾਂ ਵਿੱਚ ਵਿਦਿਆਰਥੀਆਂ ਲਈ ਸਫਰ ਕਰਨਾ ਮਹਿੰਗਾ ਹੋ ਗਿਆ ਹੈ। ਚੰਡੀਗੜ੍ਹ ਬੱਸ ਅਪਰੇਟਰਜ਼ ਵੈਲਫੇਅਰ ਐਸੋਸੀਏਸ਼ਨ ਨੇ ਪਹਿਲੀ ਅਪਰੈਲ ਤੋਂ ਸਾਰੇ ਸਕੂਲਾਂ ਵਿੱਚ 800 ਤੋਂ 1000 ਰੁਪਏ ਪ੍ਰਤੀ ਵਿਦਿਆਰਥੀ ਫੀਸ ਵਧਾ ਦਿੱਤੀ ਹੈ। ਦੂਜੇ ਪਾਸੇ ਬੱਸ ਮਾਲਕਾਂ ਨੇ ਡੀਜ਼ਲ ਦੀਆਂ ਲਗਾਤਾਰ ਵਧਦੀਆਂ ਕੀਮਤਾਂ ਤੇ ਸਰਕਾਰੀ ਨੀਤੀਆਂ ਸਾਜ਼ਗਾਰ ਨਾ ਹੋਣ ਦੀ ਦੁਹਾਈ ਦਿੱਤੀ ਹੈ। ਬੱਸ ਮਾਲਕਾਂ ਨੇ ਕਿਹਾ ਹੈ ਕਿ ਕਰੋਨਾ ਮਹਾਮਾਰੀ ਕਾਰਨ ਦੋ ਸਾਲ ਦੇ ਕਰੀਬ ਸਕੂਲ ਬੰਦ ਰਹੇ ਅਤੇ ਇਸ ਸਮੇਂ ਦੌਰਾਨ ਉਨ੍ਹਾਂ ਦੀ ਆਮਦਨ ਵੀ ਬੰਦ ਰਹੀ ਤੇ ਉਨ੍ਹਾਂ ਨੂੰ ਸਕੂਲ ਦੀਆਂ ਫੀਸਾਂ ਵੀ ਨਹੀਂ ਮਿਲੀਆਂ ਤੇ ਨਾ ਹੀ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਰਾਹਤ ਪੈਕੇਜ ਦਿੱਤਾ ਤੇ ਨਾ ਹੀ ਸਲਾਹਕਾਰ ਵਲੋਂ ਮੀਟਿੰਗ ਲਈ ਸਮਾਂ ਦਿੱਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਪਿਛਲੇ ਟੈਕਸ ਵੀ ਜਮ੍ਹਾਂ ਕਰਵਾਉਣੇ ਪੈਣੇ ਹਨ। ਇਕ ਸਕੂਲ ਬੱਸ ਨੂੰ ਸੜਕ ’ਤੇ ਉਤਾਰਨ ਲਈ 70 ਤੋਂ 80 ਹਜ਼ਾਰ ਰੁਪਏ ਪਹਿਲਾਂ ਖਰਚਣੇ ਪੈਣੇ ਹਨ ਜਿਸ ਵਿਚ ਇੰਸ਼ੋਰੈਂਸ ਦੇ ਪੈਸੇ ਵੀ ਸ਼ਾਮਲ ਹਨ।
ਇਹ ਪਤਾ ਲੱਗਾ ਹੈ ਕਿ ਚੰਡੀਗੜ੍ਹ ਬੱਸ ਅਪਰੇਟਰਾਂ ਨੇ ਸਕੂਲ ਮੁਖੀਆਂ ਨਾਲ ਮੀਟਿੰਗ ਕੀਤੀ ਸੀ ਜਿਸ ਵਿਚ ਉਨ੍ਹਾਂ ਨੇ ਸਕੂਲ ਬੱਸ ਚਲਾਉਣ ਤੋਂ ਅਸਮਰੱਥਤਾ ਜਤਾਈ ਸੀ। ਦੂਜੇ ਪਾਸੇ ਸਕੂਲ ਬੱਸਾਂ ਨਾ ਚੱਲਣ ਕਾਰਨ ਮਾਪਿਆਂ ਦੀ ਪ੍ਰੇਸ਼ਾਨੀ ਵਧ ਗਈ ਸੀ ਤੇ ਕੰਮਕਾਜੀ ਮਾਪਿਆਂ ਨੇ ਸਕੂਲ ਮੁਖੀਆਂ ਨਾਲ ਮੁਲਾਕਾਤਾਂ ਕਰ ਕੇ ਹਰ ਹਾਲਤ ਵਿਚ ਬੱਸਾਂ ਸ਼ੁਰੂ ਕਰਨ ਦੀ ਅਪੀਲ ਕੀਤੀ ਸੀ। ਇਸ ਤੋਂ ਬਾਅਦ ਸਕੂਲ ਬੱਸ ਮਾਲਕਾਂ ਨੇ ਸਕੂਲਾਂ ਵਿਚ ਜਾ ਕੇ ਵਧੀਆਂ ਕੀਮਤਾਂ ਦੀ ਸੂਚੀ ਸੌਂਪੀ। ਸਕੂਲਾਂ ਵੱਲੋਂ ਮਾਪਿਆਂ ਨੂੰ ਵਧੀਆਂ ਫੀਸਾਂ ਦਾ ਅੱਜ ਪੱਤਰ ਭੇਜਿਆ ਗਿਆ ਜਿਸ ਦੀ ਕਾਪੀ ‘ਪੰਜਾਬੀ ਟ੍ਰਿਬਿਊਨ’ ਕੋਲ ਮੌਜੂਦ ਹੈ। ਬੱਸ ਅਪਰੇਟਰਜ਼ ਐਸੋਸੀਏਸ਼ਨ ਦੇ ਪ੍ਰਧਾਨ ਮਨਜੀਤ ਸਿੰਘ ਸੈਣੀ ਨੇ ਦੱਸਿਆ ਕਿ ਕਰੋਨਾ ਕਾਰਨ ਸਕੂਲ ਬੰਦ ਹੋਣ ਤੋਂ ਪਹਿਲਾਂ ਡੀਜ਼ਲ ਦੀਆਂ ਕੀਮਤਾਂ 62 ਰੁਪਏ ਦੇ ਕਰੀਬ ਸਨ ਪਰ ਹੁਣ ਡੀਜ਼ਲ 86 ਰੁਪਏ ਦੇ ਕਰੀਬ ਹੈ ਤੇ ਰੂਸ-ਯੂਕਰੇਨ ਜੰਗ ਕਾਰਨ ਇਸ ਵਿਚ ਹੋਰ ਵਾਧਾ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਨੂੰ ਪਿਛਲੇ ਦੋ ਸਾਲਾਂ ਤੋਂ ਕਾਫੀ ਆਰਥਿਕ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਸਕੂਲ ਬੱਸਾਂ ਦੀ ਇੰਸ਼ੋਰੈਂਸ ਵਿਚ ਵੀ ਭਾਰੀ ਵਾਧਾ ਹੋਇਆ ਹੈ। ਇਸ ਹਾਲਤ ਵਿਚ ਬੱਸ ਮਾਲਕਾਂ ਦੇ ਖਰਚੇ ਵੀ ਪੂਰੇ ਨਹੀਂ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕਈ ਸਕੂਲਾਂ ਵਿਚ ਫੀਸਾਂ 25 ਫੀਸਦੀ ਵਧਾਈਆਂ ਗਈਆਂ ਹਨ। ਇਕ ਹੋਰ ਟਰਾਂਸਪੋਰਟਰ ਨੇ ਦੱਸਿਆ ਕਿ ਸਕੂਲ ਬੱਸ ਫੀਸਾਂ 50 ਫੀਸਦੀ ਤਕ ਵਧਾਈਆਂ ਗਈਆਂ ਹਨ।
ਸ਼ਹਿਰ ਦੇ ਸਕੂਲਾਂ ਤੋਂ ਹਾਸਲ ਜਾਣਕਾਰੀ ਅਨੁਸਾਰ ਦਰਾਂ ਵਧਣ ਤੋਂ ਪਹਿਲਾਂ ਹਰ ਸਕੂਲ ਵਿਚ ਬੱਸ ਫੀਸਾਂ ਵੱਖ ਵੱਖ ਸਨ। ਵਿਦਿਆਰਥੀਆਂ ਨੂੰ ਦੂਰੀ ਦੇ ਹਿਸਾਬ ਨਾਲ 1550 ਰੁਪਏ ਤੋਂ ਲੈ ਕੇ 2050 ਰਪਏ ਪ੍ਰਤੀ ਮਹੀਨਾ ਦੇਣੇ ਪੈ ਰਹੇ ਸਨ। ਭਵਨ ਵਿਦਿਆਲਿਆ ਸਕੂਲ ਦੀਆਂ ਬੱਸਾਂ ਚੰਡੀਗੜ੍ਹ ਦੇ ਵਿਦਿਆਰਥੀਆਂ ਤੋਂ 1550 ਰੁਪਏ, ਮੁਹਾਲੀ ਤੇ ਪੰਚਕੂਲਾ ਦੇ ਵਿਦਿਆਰਥੀਆਂ ਤੋਂ 1950 ਰੁਪਏ ਲੈ ਰਹੀਆਂ ਸਨ। ਕਾਰਮਲ ਕਾਨਵੈਂਟ ਸਕੂਲ ਸੈਕਟਰ-9 ਵਲੋਂ ਚੰਡੀਗੜ੍ਹ ਦੇ ਵਿਦਿਆਰਥੀਆਂ ਲਈ 1500 ਤੇ ਮੁਹਾਲੀ ਜ਼ੀਰਕਪੁਰ ਤੇ ਪੰਚਕੂਲਾ ਦੇ ਵਿਦਿਆਰਥੀਆਂ ਤੋਂ 2000 ਰੁਪਏ ਮਹੀਨਾ ਵਸੂਲੇ ਜਾ ਰਹੇ ਸਨ।