ਆਤਿਸ਼ ਗੁਪਤਾ
ਚੰਡੀਗੜ੍ਹ, 4 ਜੂਨ
ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਫੇਰੀ ਦੌਰਾਨ ਚੰਡੀਗੜ੍ਹੀਆਂ ਨੂੰ ਕਾਫੀ ਖੱਜਲ-ਖੁਆਰ ਹੋਣਾ ਪਿਆ। ਕੇਂਦਰੀ ਗ੍ਰਹਿ ਮੰਤਰੀ ਦੀ ਚੰਡੀਗੜ੍ਹ ਫੇਰੀ ਕਰ ਕੇ ਸਿਖ਼ਰ ਦੁਪਹਿਰੇ ਸ਼ਹਿਰ ਦੀਆਂ ਕਈ ਸੜਕਾਂ ’ਤੇ ਆਵਾਜਾਈ ਰੋਕ ਦਿੱਤੀ ਗਈ, ਜਦੋਂ ਕਿ ਕਈ ਸੜਕਾਂ ਤੋਂ ਆਵਾਜਾਈ ਬਦਲ ਦਿੱਤੀ ਗਈ। ਇਸ ਤਰ੍ਹਾਂ ਅਤਿ ਦੀ ਗਰਮੀ ਤੇ ਤੇਜ਼ ਧੁੱਪ ਵਿੱਚ ਰਾਹਗੀਰਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮਿਲੀ ਜਾਣਕਾਰੀ ਅਨੁਸਾਰ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਬਾਅਦ ਦੁਪਹਿਰ 3 ਵਜੇ ਵਿਸ਼ੇਸ਼ ਹਵਾਈ ਜਹਾਜ਼ ਰਾਹੀਂ ਚੰਡੀਗੜ੍ਹ ਹਵਾਈ ਅੱਡੇ ’ਤੇ ਪਹੁੰਚੇ, ਜਿੱਥੋਂ ਸੜਕ ਰਾਹੀਂ ਸੈਕਟਰ 37 ਸਥਿਤ ਪੰਜਾਬ ਭਾਜਪਾ ਦੇ ਦਫ਼ਤਰ ਗਏ। ਇਸ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਦੀ ਆਮਦ ਨੂੰ ਦੇਖਦਿਆਂ ਚੰਡੀਗੜ੍ਹ ਪੁਲੀਸ ਨੇ ਸ਼ਹਿਰ ਵਿੱਚ ਭਾਰੀ ਸੁਰੱਖਿਆ ਬਲ ਤਾਇਨਾਤ ਕੀਤਾ ਹੋਇਆ ਸੀ। ਇਸ ਦੌਰਾਨ ਚੰਡੀਗੜ੍ਹ ਪੁਲੀਸ ਦੇ ਨਾਲ ਅਰਧ ਸੈਨਿਕ ਬਲ ਦੀਆਂ ਟੁੱਕੜੀਆਂ ਵੀ ਤਾਇਨਾਤ ਕੀਤੀਆਂ ਹੋਈਆਂ ਸਨ। ਸੁਰੱਖਿਆ ਬਲਾਂ ਨੇ ਕੇਂਦਰੀ ਗ੍ਰਹਿ ਮੰਤਰੀ ਦੀ ਆਮਦ ਤੋਂ ਅੱਧਾ ਘੰਟਾ ਪਹਿਲਾਂ 2.30 ਵਜੇ ਦੇ ਕਰੀਬ ਹੀ ਸ਼ਹਿਰ ਦੀਆਂ ਸੜਕਾਂ ਤੋਂ ਆਵਾਜਾਈ ਦਾ ਰੂਟ ਬਦਲ ਦਿੱਤਾ, ਜਿਸ ਕਰ ਕੇ ਦਫ਼ਤਰ ਤੋਂ ਘਰ ਜਾਣ ਅਤੇ ਹੋਰ ਕੰਮਕਾਰ ਲਈ ਜਾਣ ਵਾਲੇ ਲੋਕ ਤੇਜ਼ ਧੁੱਪ ਤੇ ਅਤਿ ਦੀ ਗਰਮੀ ਵਿੱਚ ਹਾਲੋਂ-ਬੇਹਾਲ ਹੋ ਰਹੇ ਸਨ।
ਇਸੇ ਤਰ੍ਹਾਂ ਦੇਰ ਸ਼ਾਮ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਚੰਡੀਗੜ੍ਹ ਦੇ ਸੈਕਟਰ-37 ਸਥਿਤ ਪੰਜਾਬ ਭਾਜਪਾ ਦੇ ਦਫ਼ਤਰ ਤੋਂ ਪੰਚਕੂਲਾ ਦੇ ਖੇਡ ਸਟੇਡੀਅਮ ਵਿੱਚ ‘ਖੇਲੋ ਇੰਡੀਆ’ ਖੇਡਾਂ ਦਾ ਉਦਘਾਟਨ ਕਰਨ ਗਏ। ਉਸ ਵੇਲੇ ਵੀ ਪੁਲੀਸ ਨੇ ਮੁੜ ਸ਼ਹਿਰ ਵਿੱਚ ਆਵਾਜਾਈ ਤਬਦੀਲ ਕਰ ਦਿੱਤੀ। ਇਹੀ ਨਹੀਂ ਸਗੋਂ ਸ਼ਾਮ ਸਮੇਂ ਸ਼ਹਿਰ ਦੀਆਂ ਸੜਕਾਂ ’ਤੇ ਭੀੜ ਹੋਣ ਕਰ ਕੇ ਕਈ ਸੜਕਾਂ ’ਤੇ ਜਾਮ ਵਰਗੇ ਹਾਲਾਤ ਬਣ ਗਏ। ਅਤਿ ਦੀ ਗਰਮੀ ਵਿੱਚ ਟਰੈਫ਼ਿਕ ਜਾਮ ਵਰਗੀ ਸਮੱਸਿਆ ਕਰ ਕੇ ਆਮ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਚੰਡੀਗੜ੍ਹ ਦਾ ਤਾਪਮਾਨ 44 ਡਿਗਰੀ ’ਤੇ ਪਹੁੰਚਿਆ਼
ਸਿਟੀ ਬਿਊਟੀਫੁੱਲ ਵਿੱਚ ਜੂਨ ਮਹੀਨੇ ਦੀ ਸ਼ੁਰੂਆਤ ਸਮੇਂ ਹੀ ਗਰਮੀ ਨੇ ਲੋਕਾਂ ਦਾ ਹਾਲ ਬੇਹਾਲ ਕਰ ਦਿੱਤਾ ਹੈ। ਅੱਜ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 44 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 25.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ ਵੱਧ ਰਿਹਾ। ਮੌਸਮ ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਣਾ ਜਤਾਈ ਜਾ ਰਹੀ ਹੈ। ਇਸ ਦੌਰਾਨ ਸ਼ਹਿਰ ਵਿੱਚ ਪਾਰਾ ਹੋਰ ਵਧ ਸਕਦਾ ਹੈ, ਜਦੋਂ ਕਿ ਲੂ ਵੀ ਚੱਲ ਸਕਦੀ ਹੈ।