ਮੁਕੇਸ਼ ਕੁਮਾਰ
ਚੰਡੀਗੜ੍ਹ, 11 ਜਨਵਰੀ
ਚੰਡੀਗੜ੍ਹ ਨਗਰ ਨਿਗਮ ਨੇ ਊਰਜਾ ਬੱਚਤ ਦੇ ਖੇਤਰ ਵਿੱਚ ਵਧੀਆ ਕਾਰਗੁਜ਼ਾਰੀ ਲਈ ਦੇਸ਼ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕਰਦਿਆਂ ਐਵਾਰਡ ਹਾਸਲ ਕੀਤਾ ਹੈ। ਨਵੀਂ ਦਿੱਲੀ ਦੇ ਵਿਗਿਆਨ ਭਵਨ ਵਿੱਚ ਕਰਵਾਏ ਗਏ ਇੱਕ ਪ੍ਰੋਗਰਾਮ ਵਿੱਚ ਦੇਸ਼ ਦੇ ਬਿਜਲੀ ਅਤੇ ਰਿਨਿਊਅਲ ਊਰਜਾ ਰਾਜ ਮੰਤਰੀ ਆਰ ਕੇ ਸਿੰਘ ਵੱਲੋਂ ਇਹ ਐਵਾਰਡ ਵੰਡੇ ਗਏ। ਵਰਚੂਅਲ ਪ੍ਰਣਾਲੀ ਨਾਲ ਦਿੱਲੀ ਵਿੱਚ ਹੋ ਰਹੇ ਪ੍ਰੋਗਰਾਮ ਦੌਰਾਨ ਨਗਰ ਨਿਗਮ ਨੂੰ ਊਰਜਾ ਬੱਚਤ ਤੇ ਖੇਤਰ ਵਿੱਚ ਮਿਲਿਆ ਪਹਿਲਾ ਐਵਾਰਡ ਇੱਥੇ ਚੰਡੀਗੜ੍ਹ ਵਿੱਚ ਨਗਰ ਨਿਗਮ ਭਵਨ ਵਿੱਚ ਮੇਅਰ ਰਵੀ ਕਾਂਤ ਸ਼ਰਮਾ ਅਤੇ ਨਗਰ ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਪ੍ਰਾਪਤ ਕੀਤਾ। ਨਗਰ ਨਿਗਮ ਦੇ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਕਿਹਾ ਕਿ ਸ਼ਹਿਰ ਵਿੱਚ ਬਿਜਲੀ ਦੀ ਖਪਤ ਅਤੇ ਖਰਚਿਆਂ ਨੂੰ ਘਟਾਉਣ ਦੇ ਉਦੇਸ਼ ਨਾਲ ਨਗਰ ਨਿਗਮ ਨੇ ਸ਼ਹਿਰ ਦੇ ਸਾਰੇ 48524 ਸਟਰੀਟ ਲਾਈਟ ਪੁਆਇੰਟਾਂ ਨੂੰ ਰਵਾਇਤੀ ਲਾਈਟਾਂ ਦੀ ਥਾਂ ਐੱਲਈਡੀ ਸਟਰੀਟ ਲਾਈਟਾਂ ਨਾਲ ਤਬਦੀਲ ਕੀਤਾ ਹੈ। ਇਸ ਨਾਲ ਨਗਰ ਨਿਗਮ ਨੇ ਲਗਪਗ ਸਾਲਾਨਾ 13.02 ਮਿਲੀਅਨ ਯੂਨਿਟ ਬਿਜਲੀ ਦੀ ਬੱਚਤ ਕੀਤੀ। ਇਸ ਨਾਲ ਜਿੱਥੇ ਪਹਿਲਾਂ ਸ਼ਹਿਰ ਦੀਆਂ ਸਟਰੀਟ ਲਾਈਟਾਂ ਲਈ ਬਿਜਲੀ ਦਾ ਖ਼ਰਚ 14 ਕਰੋੜ ਰੁਪਏ ਸਾਲਾਨਾ ਆਉਂਦਾ ਸੀ, ਉਹ ਹੁਣ ਘਟ ਕੇ 8 ਕਰੋੜ ਰੁਪਏ ਰਹਿ ਗਿਆ ਹੈ। ਸ੍ਰੀ ਯਾਦਵ ਨੇ ਦੱਸਿਆ ਕਿ ਨਗਰ ਨਿਗਮ ਨੇ ਆਪਣੀਆਂ ਇਮਾਰਤਾਂ ਅਤੇ ਵਾਟਰ ਵਰਕਸ ਦੀਆਂ ਛੱਤਾਂ ‘ਰੂਫ ਟਾਪ ਸੋਲਰ ਪਲਾਂਟ’ ਲਗਾਏ ਹਨ ਅਤੇ ਇਸ ਨਾਲ ਸਾਲਾਨਾ 8 ਮੈਗਾ ਵਾਟ ਦੇ ਬਦਲਵੇਂ ਸਰੋਤ ਤੋਂ ਸਾਲਾਨਾ 2.35 ਕਰੋੜ ਕਮਾਈ ਵੀ ਹੁੰਦੀ ਹੈ।