ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 22 ਫਰਵਰੀ
ਚੰਡੀਗੜ੍ਹ ਕਾਂਗਰਸ ਕਮੇਟੀ ਦੇ ਨਵੇਂ ਪ੍ਰਧਾਨ ਸੁਭਾਸ਼ ਚਾਵਲਾ ਨੇ ਆਪਣਾ ਅਹੁਦਾ ਸਾਂਭਦਿਆਂ ਹੀ ਪਾਰਟੀ ਨੂੰ ਲੀਹ ’ਤੇ ਲਿਆਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਅੱਜ ਇਕ ਮੁੱਖ ਬੁਲਾਰੇ ਅਤੇ ਤਿੰਨ ਬੁਲਾਰਿਆਂ ਦਾ ਐਲਾਨ ਕੀਤਾ ਹੈ ਜਦਕਿ ਪਾਰਟੀ ਦੇ ਅਧਿਕਾਰੀਆਂ ਨੂੰ ਹਟਾ ਦਿੱਤਾ ਗਿਆ ਹੈ ਪਰ ਕਾਰਜਕਾਰਨੀ ਕਮੇਟੀ ਨੂੰ ਭੰਗ ਨਹੀਂ ਕੀਤਾ ਹੈ। ਜਾਣਕਾਰੀ ਅਨੁਸਾਰ ਸੁਭਾਸ਼ ਚਾਵਲਾ ਨੇ ਐਚਐੱਸ ਲੱਕੀ ਨੂੰ ਮੁੱਖ ਬੁਲਾਰਾ ਅਤੇ ਸਤੀਸ਼ ਕੈਂਥ, ਗੁਰਬਖਸ਼ ਰਾਵਤ, ਹਰਮੇਲ ਕੇਸਰੀ ਨੂੰ ਬੁਲਾਰਾ ਲਗਾਇਆ ਗਿਆ ਹੈ। ਜਦਕਿ ਪਾਰਟੀ ਦੇ ਹੋਰਨਾਂ ਅਹੁਦੇਦਾਰੀਆਂ ਲਈ ਚੋਣ ਕੀਤੀ ਜਾ ਰਹੀ ਹੈ।
ਸੁਭਾਸ਼ ਚਾਵਲਾ ਨੇ ਪ੍ਰਧਾਨ ਦਾ ਅਹੁਦਾ ਸਾਂਭਦੇ ਹੀ ਨਵੀਂ ਰਣਨੀਤੀ ’ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਪਾਰਟੀ ਪ੍ਰਭਾਰੀ ਹਰੀਸ਼ ਰਾਵਤ ਨੇ ਲੰਘੇ ਦਿਨ ਚਾਵਲਾ ਨੂੰ 15 ਦਿਨਾਂ ਵਿੱਚ ਸੰਗਠਨ ਦਾ ਢਾਂਚਾ ਤਿਆਰ ਕਰਨ ਦਾ ਸਮਾਂ ਦਿੱਤਾ ਸੀ। ਇਸੇ ਕਰਕੇ ਚਾਵਲਾ ਨੇ ਪਹਿਲੇ ਦਿਨ ਤੋਂ ਹੀ ਪਾਰਟੀ ਲਈ ਗਤੀਵੀਧੀਆਂ ਤੇਜ਼ ਕਰ ਦਿੱਤੀਆਂ ਹਨ। ਸ੍ਰੀ ਚਾਵਲਾ ਦਾ ਕਹਿਣਾ ਹੈ ਕਿ ਪਾਰਟੀ ਲਈ ਦਿਨ ਰਾਤ ਇਕ ਕਰਕੇ ਕੰਮ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਲਈ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਦੇ ਕਾਰਜਕਾਲ ਦੌਰਾਨ ਸ਼ਹਿਰ ਦਾ ਵਿਕਾਸ ਨਹੀਂ ਵਿਨਾਸ਼ ਹੋਇਆ ਹੈ। ਇਸ ਲਈ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਪ੍ਰਸ਼ਾਸਨ ਅੱਗੇ ਰੱਖ ਕੇ ਸ਼ਹਿਰ ਵਿੱਚ ਰਹਿੰਦੇ ਵਿਕਾਸ ਕਾਰਜਾਂ ਨੂੰ ਕਰਵਾਇਆ ਜਾਵੇਗਾ।