ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 23 ਸਤੰਬਰ
ਚੰਡੀਗੜ੍ਹ ਬਿਓਪਾਰ ਮੰਡਲ (ਸੀਬੀਐਮ) ਨੇ ਵਪਾਰੀ ਆਗੂ ਤੇ ਵਪਾਰ ਮੰਡਲ ਦੇ ਸੀਨੀਅਰ ਆਗੂ ਕੈਲਾਸ਼ ਜੈਨ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ ਹੈ। ਇਸ ਬਾਰੇ ਫ਼ੈਸਲਾ ਅੱਜ ਲੰਬੇ ਸਮੇਂ ਬਾਅਦ ਹੋਏ ਸੀਬੀਐੱਮ ਦੇ ਸਾਲਾਨਾ ਆਮ ਇਜਲਾਸ ਦੌਰਾਨ ਮੈਂਬਰਾਂ ਵਲੋਂ ਵੋਟਿੰਗ ਕਰ ਕੇ ਕੀਤਾ ਗਿਆ। ਸੀਬੀਐੱਮ ਦੀ ਅਨੁਸ਼ਾਸਨੀ ਐਕਸ਼ਨ ਕਮੇਟੀ ਦੇ ਚੇਅਰਮੈਨ ਅਨਿਲ ਵੋਹਰਾ ਨੇ ਮੀਟਿਗ ਦੌਰਾਨ ਸੌਂਪੀ ਰਿਪੋਰਟ ਵਿੱਚ ਕੈਲਾਸ਼ ਚੰਦ ਜੈਨ ਦੀਆਂ ਸੀਬੀਐੱਮ ਵਿਰੋਧੀ ਕਥਿਤ ਗਤੀਵਿਧੀਆਂ ਕਾਰਨ ਉਨ੍ਹਾਂ ਨੂੰ ਸੀਬੀਐੱਮ ’ਚੋਂ ਬਰਖਾਸਤ ਕਰਨ ਦੀ ਸਿਫਾਰਿਸ਼ ਕੀਤੀ। ਉਨ੍ਹਾਂ ਕਿਹਾ ਕਿ ਸੀਬੀਐੱਮ ਵੱਲੋਂ ਕੈਲਾਸ਼ ਜੈਨ ਨੂੰ ਵਾਜਬ ਸਮਾਂ ਦਿੱਤਾ ਗਿਆ ਸੀ। ਉਨ੍ਹਾਂ ਦੀਆਂ ਸਰਗਰਮੀਆਂ ਨੇ ਵਪਾਰੀਆਂ ਦੀ ਏਕਤਾ ਨੂੰ ਖਰਾਬ ਕੀਤਾ ਹੈ, ਵਪਾਰੀ ਹਿੱਤਾਂ ਦੇ ਵਿਰੁੱਧ ਹੈ। ਉਨ੍ਹਾਂ ਮੁਤਾਬਕ ਕੈਲਾਸ਼ ਜੈਨ ਵੱਲੋਂ ਦਿੱਤੇ ਗਏ ਜਵਾਬ ਤੋਂ ਕਮੇਟੀ ਅਸੰਤੁਸ਼ਟ ਹੈੈ। ਵੋਟਿੰਗ ਦੌਰਾਨ 212 ਮੈਂਬਰਾਂ ਵਿੱਚੋਂ 211 ਨੇ ਕੈਲਾਸ਼ ਜੈਨ ਵਿਰੁੱਧ ਵੋਟ ਪਾਈ।
ਉੱਧਰ, ਕੈਲਾਸ਼ ਚੰਦ ਜੈਨ ਨੇ ਕਿਹਾ ਕਿ ਕੋਈ ਵੀ ਮੈਂਬਰ ਭਾਰਤ ’ਚ ਲੋਕਤੰਤਰੀ ਕਾਨੂੰਨਾਂ ਅਨੁਸਾਰ ਕਿਸੇ ਵੀ ਐਸੋਸੀਏਸ਼ਨ ਵਿੱਚ ਸ਼ਾਮਲ ਹੋਣ ਜਾਂ ਬਣਾਉਣ ਲਈ ਆਜ਼ਾਦ ਹੈ ਤੇ ਉਨ੍ਹਾਂ ਕਦੇ ਵੀ ਬਿਓਪਾਰ ਮੰਡਲ ਵਿਰੁੱਧ ਕੁਝ ਵੀ ਨਹੀਂ ਬੋਲਿਆ। ਮੀਟਿੰਗ ਦੌਰਾਨ ਸੀਬੀਐੱਮ ਦੇ ਪ੍ਰਧਾਨ ਚਰਨਜੀਵ ਸਿੰਘ ਨੇ ਤਾਲਾਬੰਦੀ ਦੌਰਾਨ ਸੀਬੀਐੱਮ ਵਲੋਂ ਨਿਭਾਈ ਭੂਮਿਕਾ ਬਾਰੇ ਜਾਣੂ ਕਰਵਾਇਆ। ਉਨ੍ਹਾਂ ਸ਼ਹਿਰ ਦੇ ਵਪਾਰੀਆਂ ਦੇ ਕੁਝ ਮੁੱਦੇ ਵੀ ਸਾਂਝੇ ਕੀਤੇ।