ਪੱਤਰ ਪ੍ਰੇਰਕ
ਚੰਡੀਗੜ੍ਹ, 15 ਦਸੰਬਰ
ਚੰਡੀਗੜ੍ਹ ਭਾਜਪਾ ਪ੍ਰਧਾਨ ਅਰੁਣ ਸੂਦ ਨੇ ਕਰੋਨਾ ਖ਼ਿਲਾਫ਼ ਜੰਗ ਜਿੱਤ ਲਈ ਹੈ। ਉਨ੍ਹਾਂ ਨੂੰ ਅੱਜ ਪੀ.ਜੀ.ਆਈ. ਤੋਂ ਛੁੱਟੀ ਦੇ ਕੇ ਘਰ ਭੇਜ ਦਿੱਤਾ ਗਿਆ ਹੈ। ਇਸ ਮੌਕੇ ਡਾਇਰੈਕਟਰ ਪ੍ਰੋ. ਜਗਤ ਰਾਮ ਅਤੇ ਐਡੀਸ਼ਨਲ ਮੈਡੀਕਲ ਸੁਪਰਡੈਂਟ ਪ੍ਰੋ. ਵਿਪਿਨ ਕੌਸ਼ਲ ਦੀ ਅਗਵਾਈ ਵਿੱਚ ਡਾਕਟਰਾਂ ਦੀ ਟੀਮ ਨੇ ਉਨ੍ਹਾਂ ਨੂੰ ਫੁੱਲਾਂ ਦੇ ਬੁੱਕੇ ਭੇਟ ਕੀਤਾ। ਸ੍ਰੀ ਸੂਦ ਨੇ ਵੀ ਡਾਕਟਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਦੇਖਰੇਖ ਹੇਠ ਉਹ ਤੰਦਰੁਸਤ ਹੋਏ। ਇਸੇ ਦੌਰਾਨ ਸ਼ਹਿਰ ਵਿੱਚ ਕਰੋਨਾ ਵਾਇਰਸ ਦੇ ਅੱਜ 62 ਨਵੇਂ ਕੇਸ ਸਾਹਮਣੇ ਆਏ ਹਨ ਅਤੇ ਸੈਕਟਰ-24 ਵਾਸੀ 61 ਸਾਲਾਂ ਕਰੋਨਾ ਪੀੜਤ ਵਿਅਕਤੀ ਅਤੇ ਸੈਕਟਰ-30 ਵਾਸੀ 78 ਸਾਲਾਂ ਦੇ ਬਜ਼ੁਰਗ ਦੀ ਪੀ.ਜੀ.ਆਈ. ਵਿਚ ਮੌਤ ਹੋ ਗਈ ਹੈ। ਦੋਵੇਂ ਮਰੀਜ਼ ਹੋਰਨਾਂ ਬਿਮਾਰੀਆਂ ਤੋਂ ਵੀ ਪੀੜਤ ਸਨ। ਸ਼ਹਿਰ ਵਿੱਚ ਕਰੋਨਾ ਮਰੀਜ਼ਾਂ ਦਾ ਕੁੱਲ ਅੰਕੜਾ 18,776 ਹੋ ਗਿਆ ਹੈ ਤੇ 139 ਮਰੀਜ਼ਾਂ ਦਾ ਘਰੇਲੂ ਇਕਾਂਤਵਾਸ ਸਮਾਪਤ ਹੋਇਆ ਹੈ। ਇਸੇ ਦੌਰਾਨ ਐਕਟਿਵ ਕੇਸਾਂ ਦੀ ਗਿਣਤੀ 635 ਰਹਿ ਗਈ ਹੈ।
ਰੂਪਨਗਰ (ਬਹਾਦਰਜੀਤ ਸਿੰਘ): ਜ਼ਿਲ੍ਹੇ ਵਿੱਚ ਅੱਜ 15 ਹੋਰ ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ ਤੇ ਇਕ ਵਿਅਕਤੀ ਦੀ ਮੌਤ ਹੋਈ ਹੈ। ਡਿਪਟੀ ਕਮਿਸ਼ਨਰ ਸੋਨਾਲੀ ਗਿਰੀ ਨੇ ਦੱਸਿਆ ਕਿ ਰੂਪਨਗਰ ਇਲਾਕੇ ਵਿੱਚ 7, ਨੰਗਲ ਇਲਾਕੇ ਵਿੱਚ 3, ਸ੍ਰੀ ਆਨੰਦਪੁਰ ਸਾਹਿਬ ਇਲਾਕੇ ਵਿਚ 5 ਵਿਅਕਤੀ ਕਰੋਨਾ ਪਾਜ਼ੇਟਿਵ ਪਾਏ ਗਏ ਹਨ। ਜ਼ਿਲ੍ਹੇ ਵਿੱਚ ਐਕਟਿਵ ਕੇਸਾਂ ਦੀ ਗਿਣਤੀ 229 ਹੈ। ਅੱਜ ਰੂਪਨਗਰ ਵਾਸੀ 60 ਸਾਲਾਂ ਦੀ ਔਰਤ ਦੀ ਮੌਤ ਹੋਈ ਹੈ ਤੇ ਮਰਨ ਵਾਲਿਆਂ ਦੀ ਕੁੱਲ ਗਿਣਤੀ 158 ਹੋ ਗਈ ਹੈ।
ਅੰਬਾਲਾ (ਰਤਨ ਸਿੰਘ ਢਿੱਲੋਂ): ਅੱਜ ਅੰਬਾਲਾ ਜ਼ਿਲ੍ਹੇ ਵਿਚ 38 ਕੇਸ ਪਾਜ਼ੇਟਿਵ ਆਉਣ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ 11103 ਹੋ ਗਈ ਹੈ। ਅੱਜ 53 ਮਰੀਜ਼ ਡਿਸਚਾਰਜ ਵੀ ਹੋਏ ਹਨ ਜਿਸ ਤੋਂ ਬਾਅਦ ਐਕਟਿਵ ਕੇਸ 348 ਰਹਿ ਗਏ ਹਨ। ਜ਼ਿਲ੍ਹੇ ਵਿਚ ਹੁਣ ਤੱਕ 139 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਫ਼ਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਸਿਵਲ ਸਰਜਨ ਡਾ. ਸੁਰਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਅੱਜ ਕਰੋਨਾ ਦੇ 7 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਐਕਟਿਵ ਕੇਸਾਂ ਦੀ ਗਿਣਤੀ 39 ਹੋ ਗਈ ਹੈ। ਇਸ ਮਹਾਮਾਰੀ ਹੁਣ ਤੱਕ ਜ਼ਿਲ੍ਹੇ ਵਿੱਚ 110 ਵਿਅਕਤੀਆਂ ਦੀ ਜਾਨ ਜਾ ਚੁੱਕੀ ਹੈ। ਸਿਹਤ ਵਿਭਾਗ ਨੇ ਅੱਜ 320 ਵਿਅਕਤੀਆਂ ਦੇ ਕਰੋਨਾ ਸੈਂਪਲ ਲਏ ਹਨ।
ਪੰਚਕੂਲਾ (ਪੀ.ਪੀ. ਵਰਮਾ): ਪੰਚਕੂਲਾ ਜ਼ਿਲ੍ਹੇ ਵਿੱਚ ਕਰੋਨਾ ਦੇ 44 ਨਵੇਂ ਕੇਸ ਸਾਹਮਣੇ ਆਏ ਹਨ। ਇਨ੍ਹਾਂ ਵਿੱਚੋਂ 25 ਮਰੀਜ਼ ਪੰਚਕੂਲਾ ਇਲਾਕੇ ਨਾਲ ਸਬੰਧਤ ਹਨ। ਇਸ ਗੱਲ ਦੀ ਪੁਸ਼ਟੀ ਸਿਵਲ ਸਰਜਨ ਡਾ. ਜਸਜੀਤ ਕੌਰ ਨੇ ਕੀਤੀ ਹੈ। ਸਿਹਤ ਵਿਭਾਗ ਨੇ ਮਰੀਜ਼ਾਂ ਨੂੰ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕਰਵਾਇਆ ਹੈ ਤੇ ਮਰੀਜ਼ਾਂ ਦੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਨੂੰ ਕੁਆਰਨਟਾਈਨ ਕੀਤਾ ਜਾ ਰਿਹਾ ਹੈ।