ਮੁਕੇਸ਼ ਕੁਮਾਰ
ਚੰਡੀਗੜ੍ਹ, 10 ਮਾਰਚ
ਪੰਜ ਸੂਬਿਆਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚੋਂ ਚਾਰ ਸੂਬਿਆਂ ਵਿੱਚ ਭਾਜਪਾ ਦੀ ਸ਼ਾਨਦਾਰ ਜਿੱਤ ਦਾ ਇਥੇ ਚੰਡੀਗੜ੍ਹ ਭਾਜਪਾ ਨੇ ਜਸ਼ਨ ਮਨਾਇਆ। ਇਥੇ ਭਾਜਪਾ ਤੇ ਪ੍ਰਦੇਸ਼ ਦਫਤਰ ‘ਕਮਲਮ’ ਵਿਖੇ ਚੰਡੀਗੜ੍ਹ ਭਾਜਪਾ ਪ੍ਰਧਾਨ ਅਰੁਣ ਸੂਦ ਸਮੇਤ ਸ਼ਹਿਰ ਦੀ ਮੇਅਰ ਸਰਬਜੀਤ ਕੌਰ, ਚੰਡੀਗੜ੍ਹ ਭਾਜਪਾ ਦੇ ਮੀਤ ਪ੍ਰਧਾਨ ਰਾਮਲਾਲ, ਸਕੱਤਰ ਤਜਿੰਦਰ ਸਿੰਘ ਸਰਾਂ, ਸਫ਼ਤਰ ਸਕੱਤਰ ਦੇਵੀ ਸਿੰਘ, ਗਜੇਂਦਰ ਸ਼ਰਮਾ, ਪ੍ਰਦੇਸ਼ ਬੁਲਾਰੇ ਕੈਲਾਸ਼ ਚੰਦ ਜੈਨ, ਨਰੇਸ਼ ਅਰੋੜਾ, ਸ਼ਿਪ੍ਰਾ ਬੰਸਲ , ਧਾਰਿੰਦਰ ਤਾਇਲ, ਕੌਂਸਲਰ ਮਹੇਸ਼ ਇੰਦਰ ਸਿੱਧੂ, ਮਨੋਜ ਸੋਨਕਰ, ਜਸਮਨਪ੍ਰੀਤ ਸਿੰਘ, ਰਾਜਿੰਦਰ ਸ਼ਰਮਾ ਅਤੇ ਹਰਪ੍ਰੀਤ ਕੌਰ ਬਬਲਾ ਤੋਂ ਇਲਾਵਾ ਪਾਰਟੀ ਦੇ ਸਾਰੇ ਮੋਰਚਾ ਪ੍ਰਧਾਨ, ਜਿ਼ਲਾ ਤੇ ਮੰਡਲ ਪ੍ਰਧਾਨ ਅਤੇ ਪਾਰਟੀ ਦੇ ਵੱਡੀ ਗਿਣਤੀ ਵਿੱਚ ਵਰਕਰ ਪਾਰਟੀ ਦੀ ਇਸ ਜਿੱਤ ਦੇ ਜਸ਼ਨ ਵਿੱਚ ਸ਼ਾਮਲ ਹੋਏ ਅਤੇ ਭੰਗੜੇ ਪਾ ਕੇ ਖੁਸ਼ੀ ਮਨਾਈ। ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਅਰੁਣ ਸੂਦ ਨੇ ਕਿਹਾ ਕਿ 5 ਰਾਜਾਂ ਵਿੱਚੋਂ 4 ਰਾਜਾਂ ਵਿੱਚ ਭਾਜਪਾ ਦੀ ਸ਼ਾਨਦਾਰ ਜਿੱਤ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਜਪਾ ਦੀਆਂ ਨੀਤੀਆਂ ਅਤੇ ਭਾਜਪਾ ਦੀ ਕਾਰਜਸ਼ੈਲੀ ਉੱਤੇ ਲੋਕਾਂ ਦਾ ਵਿਸ਼ਵਾਸ ਦੀ ਮੁਹਰ ਹੈ। ਉਨ੍ਹਾਂ ਕਿਹਾ ਸਾਰੇ 4 ਸੂਬਿਆਂ ਵਿੱਚ ਭਾਜਪਾ ਦੀ ਸਰਕਾਰ ਦਾ ਦੁਬਾਰਾ ਬਣਨਾ ਇਸ ਗੱਲ ਦਾ ਪ੍ਰਮਾਣ ਹੈ ਕਿ ਲੋਕ ਭਾਜਪਾ ਸਰਕਾਰਾਂ ਦੀ ਕਾਰਜਸ਼ੈਲੀ ਤੋਂ ਖੁਸ਼ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦਾ ਕੰਮ ਵਿਖਾਈ ਦਿੰਦਾ ਹੈ, ਜੋ ਕੰਮ ਪਿਛਲੇ 70 ਸਾਲਾਂ ਵਿੱਚ ਨਹੀਂ ਹੋਏ, ਉਹ ਪਿਛਲੇ 7 ਸਾਲਾਂ ਵਿੱਚ ਕੀਤੇ ਗਏ ਹਨ। ਅਰੁਣ ਸੂਦ ਨੇ ਕਿਹਾ ਕਿ ‘ਕਾਂਗਰਸ ਤੋਂ ਅਜ਼ਾਦ ਭਾਰਤ’ ਬਣਨ ਜਾ ਰਿਹਾ ਹੈ। ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਨੂੰ ਲੋਕਾਂ ਨੇ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ।
ਪੰਜਾਬ ਚੋਣਾਂ ਦੇ ਨਤੀਜਿਆਂ ਬਾਰੇ ਕੀ ਕਹਿੰਦੇ ਨੇ ਅਰੁਣ ਸੂਦ
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੇ ਮਾੜੇ ਪ੍ਰਦਰਸ਼ਨ ਨੂੰ ਲੈ ਕੇ ਪੁੱਛੇ ਗਏ ਇੱਕ ਸਵਾਲ ਦੇ ਜਵਾਬ ਵਿੱਚ ਅਰੁਣ ਸੂਦ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਨੇ ਪਹਿਲੀ ਵਾਰ ਆਪਣੇ ਬਲਬੁੱੂਤੇ ਇੰਨੀਆਂ ਸੀਟਾਂ ’ਤੇ ਚੋਣ ਲੜੀ ਸੀ ਅਤੇ ਆਪਣਾ ਇੱਕ ਵੋਟ ਬੈਂਕ ਬਣਾਉਣ ਵਿੱਚ ਕਾਮਯਾਬੀ ਹਾਸਲ ਕੀਤੀ ਹੈ।