ਪੱਤਰ ਪ੍ਰੇਰਕ
ਚੰਡੀਗੜ੍ਹ, 28 ਮਈ
ਯੂ.ਟੀ. ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ਸ਼ਹਿਰ ਵਿੱਚ ਕੋਵਿਡ-19 ਦੀ ਟੈਸਟਿੰਗ ਦੇ ਰੇਟ ਘਟਾ ਦਿੱਤੇ ਗਏ ਹਨ ਤਾਂ ਜੋ ਵੱਧ ਤੋਂ ਵੱਧ ਲੋਕੀਂ ਟੈਸਟਿੰਗ ਕਰਵਾ ਸਕਣ ਅਤੇ ਮਹਾਂਮਾਰੀ ਦਾ ਫੈਲਾਅ ਰੋਕਣ ਵਿੱਚ ਮਦਦ ਮਿਲ ਸਕੇ। ਅਜਿਹਾ ਇਸ ਲਈ ਕੀਤਾ ਗਿਆ ਹੈ ਕਿ ਵੱਡੀ ਗਿਣਤੀ ਲੋਕ ਰੇਟ ਜ਼ਿਆਦਾ ਹੋਣ ਕਾਰਨ ਟੈਸਟ ਕਰਵਾਉਣ ਤੋਂ ਅਸਮਰੱਥ ਰਹਿ ਰਹੇ ਸਨ।
ਪ੍ਰਿੰਸੀਪਲ ਸਕੱਤਰ ਸਿਹਤ ਸੇਵਾਵਾਂ ਯੂ.ਟੀ. ਚੰਡੀਗੜ੍ਹ ਅਰੁਣ ਕੁਮਾਰ ਗੁਪਤਾ ਵੱਲੋਂ ਜਾਰੀ ਹੁਕਮਾਂ ਮੁਤਾਬਕ ਆਰ.ਟੀ.ਪੀ.ਸੀ.ਆਰ. ਵਿਧੀ ਰਾਹੀਂ ਟੈਸਟਿੰਗ ਕਰਵਾਉਣ ਦਾ ਰੇਟ 900 ਰੁਪਏ ਤੋਂ ਘਟਾ ਕੇ 450 ਰੁਪਏ ਕਰ ਦਿੱਤਾ ਗਿਆ ਹੈ ਜਦਕਿ ਰੈਪਿਡ ਐਂਟੀਜਨ ਟੈਸਟਿੰਗ ਵਿਧੀ ਨਾਲ ਟੈਸਟ ਕਰਵਾਉਣ ਦਾ ਰੇਟ 500 ਰੁਪਏ ਤੋਂ ਘਟਾ ਕੇ 350 ਰੁਪਏ ਕਰ ਦਿੱਤਾ ਗਿਆ ਹੈ। ਉਕਤ ਟੈਸਟ ਕਰਨ ਮੌਕੇ ਕਿਸੇ ਵੀ ਜੀਐਸਟੀ/ਟੈਕਸ, ਪੀ.ਪੀ.ਈ. ਕਿੱਟ, ਸੈਂਪਲਾਂ ਦੀ ਪੈਕਿੰਗ ਆਦਿ ਕਿਸੇ ਵੀ ਤਰ੍ਹਾਂ ਦੇ ਖਰਚ ਸ਼ਾਮਿਲ ਨਹੀਂ ਹੋਣਗੇ। ਕੋਈ ਵੀ ਪ੍ਰਾਈਵੇਟ ਲੈਬਾਰਟਰੀ ਟੈਸਟਿੰਗ ਲਈ ਇਨ੍ਹਾਂ ਰੇਟਾਂ ਤੋਂ ਵੱਧ ਪੈਸੇ ਵਸੂਲ ਨਹੀਂ ਸਕਦੀ। ਇਹ ਵੀ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਕੋਵਿਡ ਟੈਸਟਿੰਗ ਕਰਨ ਵਾਲੀਆਂ ਸਾਰੀਆਂ ਲੈਬਾਰਟਰੀਆਂ ਨੂੰ ਕੋਵਿਡ ਤੋਂ ਬਚਾਅ ਸਬੰਧੀ ਸਮੇਂ-ਸਮੇਂ ’ਤੇ ਜਾਰੀ ਹੋਣ ਵਾਲੀਆਂ ਸਰਕਾਰੀ ਹਦਾਇਤਾਂ ਅਤੇ ਨਿਯਮਾਂ ਦੀ ਵੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ ਹੈ।