ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 12 ਅਗਸਤ
ਚੰਡੀਗੜ੍ਹ ਪ੍ਰਸ਼ਾਸਨ ਦਾ ਪਸ਼ੂ ਪਾਲਣ ਵਿਭਾਗ ਇਥੋਂ ਦੇ ਪਿੰਡਾਂ ਵਿੱਚ ਕਿਸੇ ਵੀ ਸਥਿਤੀ ਵਿੱਚ ਪਸ਼ੂਆਂ ’ਚ ਫੈਲੀ ਲੰਪੀ ਸਕਿਨ ਬਿਮਾਰੀ ਨਾਲ ਨਜਿੱਠਣ ਲਈ ਤਿਆਰ ਹੈ। ਇਸ ਬਾਰੇ ਪ੍ਰਸ਼ਾਸਨ ਦੇ ਸਕੱਤਰ ਪਸ਼ੂ ਪਾਲਣ ਅਤੇ ਮੱਛੀ ਪਾਲਣ ਦੀ ਪ੍ਰਧਾਨਗੀ ਹੇਠ ਲੰਪੀ ਚਮੜੀ ਰੋਗ ਦੀ ਮੌਜੂਦਾ ਸਥਿਤੀ ਦੀ ਸਮੀਖਿਆ ਕਰਨ ਲਈ ਇੱਕ ਮੀਟਿੰਗ ਹੋਈ। ਮੀਟਿੰਗ ਦੌਰਾਨ ਇਸ ਬਿਮਾਰੀ ਦਾ ਮੁਕਾਬਲਾ ਕਰਨ ਲਈ ਪਸ਼ੂ ਪਾਲਣ ਵਿਭਾਗ ਨੇ ਪਿੰਡਾਂ ਅਤੇ ਨਗਰ ਨਿਗਮ ਦੀਆਂ ਗਊਸ਼ਾਲਾਵਾਂ ਵਿੱਚ ਸਾਰੇ ਰੋਕਥਾਮ ਉਪਾਅ ਕਰਨ ਲਈ ਪਸ਼ੂ ਮਾਲਕਾਂ ਦੇ ਨਾਲ-ਨਾਲ ਨਗਰ ਨਿਗਮ ਦੇ ਸਬੰਧਤ ਵਿਭਾਗ ਨੂੰ ਵੀ ਐਡਵਾਈਜ਼ਰੀ ਜਾਰੀ ਕੀਤੀ ਹੈ। ਐਡਵਾਈਜ਼ਰੀ ਅਨੁਸਾਰ ਪਸ਼ੂਆਂ ਦੇ ਮਾਲਕਾਂ ਨੂੰ ਇਸ ਬਿਮਾਰੀ ਬਾਰੇ ਜਾਗਰੂਕ ਕਰਨ ਅਤੇ ਰੋਕਥਾਮ ਦੇ ਉਪਾਅ ਸਬੰਧੀ ਘਰ-ਘਰ ਜਾਗਰੂਕਤਾ ਮੁਹਿੰਮ ਚਲਾਈ ਗਈ।
ਡਾਇਰੈਕਟਰ ਪਸ਼ੂ ਪਾਲਣ ਪਲਿਕਾ ਅਰੋੜਾ ਨੇ ਪਸ਼ੂ ਪਾਲਕਾਂ ਨੂੰ ਪਸ਼ੂਆਂ ਵਿੱਚ ਅਸਾਧਾਰਨ ਮੌਤਾਂ ਅਤੇ ਬਿਮਾਰੀਆਂ ਹੋਣ ’ਤੇ ਤੁਰੰਤ ਨਜ਼ਦੀਕੀ ਪਸ਼ੂ ਹਸਪਤਾਲ ਵਿੱਚ ਰਿਪੋਰਟ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਅੱਗੇ ਦੱਸਿਆ ਕਿ ਵੱਖ-ਵੱਖ ਪਿੰਡਾਂ ਤੋਂ ਰੈਪਿਡ ਰਿਸਪਾਂਸ ਟੀਮਾਂ ਵੱਲੋਂ ਸੰਕਰਮਿਤ ਪਸ਼ੂਆਂ ਦੇ ਸੈਂਪਲ ਲਏ ਗਏ ਹਨ ਅਤੇ ਬਿਮਾਰੀ ਦੀ ਪੁਸ਼ਟੀ ਲਈ ਖੇਤਰੀ ਰੋਗ ਨਿਦਾਨ ਕੇਂਦਰ (ਆਰਡੀਡੀਐਲ) ਜਲੰਧਰ ਨੂੰ ਭੇਜੇ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕਿਸੇ ਵੀ ਕਿਸਮ ਦੀ ਬਿਮਾਰੀ ਨਜ਼ਰ ਆਉਂਦੀ ਹੈ ਤਾਂ ਉਨ੍ਹਾਂ ਨੂੰ ਤੁਰੰਤ ਨੇੜਲੇ ਪਸ਼ੂ ਹਸਪਤਾਲ ਵਿੱਚ ਰਿਪੋਰਟ ਕਰਨੀ ਚਾਹੀਦੀ ਹੈ।