ਮੁਕੇਸ਼ ਕੁਮਾਰ
ਚੰਡੀਗੜ੍ਹ, 2 ਮਈ
ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਖ-ਵੱਖ ਵਿਭਾਗਾਂ ਦੀਆਂ ਈ ਸੇਵਾਵਾਂ ਦੀ ਘੁੰਡ ਚੁਕਾਈ ਕੀਤੀ। ਅੱਜ ਇਥੇ ਸੈਕਟਰ-10 ਸਥਿਤ ਹੋਟਲ ਮਾਊਂਟਵਿਉ ਵਿੱਚ ਦੇਰ ਸ਼ਾਮ ਕੀਤੇ ਗਏ ਸਮਾਗਮ ਦੌਰਾਨ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਵੱਲੋਂ ਪ੍ਰਸ਼ਾਸਨ ਦੇ ਵੱਖ ਵੱਖ ਵਿਭਾਗ ਦੀਆਂ ਕੁੱਲ 86 ਈ-ਸੇਵਾਵਾਂ ਲਾਂਚ ਕੀਤੀਆਂ ਗਈਆਂ।
ਇਸ ਮੌਕੇ ਪ੍ਰਸ਼ਾਸਕ ਦੇ ਸਲਾਹਕਾਰ ਧਰਮਪਾਲ ਨੇ ਸੰਬੋਧਨ ਵਿੱਚ ਕਿਹਾ ਕਿ ਅੱਜ ਲਾਂਚ ਕੀਤੀਆਂ ਗਈਆਂ ਇਨ੍ਹਾਂ ਸੇਵਾਵਾਂ ਵਿੱਚ ਚੰਡੀਗੜ੍ਹ ਹਾਊਸਿੰਗ ਬੋਰਡ ਦੀਆਂ 8 ਸੇਵਾਵਾਂ, ਅਸਟੇਟ ਦਫ਼ਤਰ ਤੇ ਲੇਬਰ ਵਿਭਾਗ ਦੀਆਂ 5-5 ਸੇਵਾਵਾਂ, ਟਰਾਂਸਪੋਰਟ ਵਿਭਾਗ ਦੀਆਂ 17 ਸੇਵਾਵਾਂ, ਆਬਕਾਰੀ ਤੇ ਕਰ ਵਿਭਾਗ ਦੀਆਂ 23 ਸੇਵਾਵਾਂ, 22 ਸਿੱਧੀਆਂ ਲਾਭ ਤਬਾਦਲਾ ਸੇਵਾਵਾਂ ਤੇ 5 ਗੈਰ ਡੀਬੀਟੀ ਸੇਵਾਵਾਂ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਇਸ ਡਿਜੀਟਲ ਯੁੱਗ ਵਿੱਚ, ਸਾਡੇ ਕੋਲ ਲੋਕਾਂ ਦੇ ਜੀਵਨ ਨੂੰ ਅਜਿਹੇ ਤਰੀਕਿਆਂ ਨਾਲ ਬਦਲਣ ਦਾ ਮੌਕਾ ਹੈ ਜਿਸਦੀ ਕਈ ਸਾਲ ਪਹਿਲਾਂ ਕਲਪਨਾ ਕਰਨਾ ਮੁਸ਼ਕਲ ਸੀ। ਉਨ੍ਹਾਂ ਦੁਹਰਾਇਆ ਕਿ ਇਸ ਪਹਿਲ ਨਾਲ, ਸਾਡਾ ਉਦੇਸ਼ ਆਮ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣਾ ਹੈ ਤੇ ਇਹ ਯਕੀਨੀ ਬਣਾਉਣਾ ਹੈ ਕਿ ਸਾਰੀਆਂ ਮਹੱਤਵਪੂਰਨ ਸਰਕਾਰੀ ਸੇਵਾਵਾਂ ਆਨਲਾਈਨ ਉਪਲਬਧ ਹੋਣ।
ਇਸ ਮੌਕੇ ਮੁੱਖ ਮਹਿਮਾਨ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਕਿ ਇਨ੍ਹਾਂ ਸੇਵਾਵਾਂ ਦੀ ਸ਼ੁਰੂਆਤ ਨਾਲ ਪ੍ਰਸ਼ਾਸਨ ਤੇ ਜਨਤਾ ਦਰਮਿਆਨ ਪਾਰਦਰਸ਼ਤਾ, ਕੁਸ਼ਲਤਾ ਤੇ ਸਮੇਂ ਦੀ ਬੱਚਤ ਵੀ ਹੋਵੇਗੀ। ਉਨ੍ਹਾਂ ਕਿਹਾ ਕਿ ਪਾਰਦਰਸ਼ਤਾ, ਕੁਸ਼ਲਤਾ ਤੇ ਸਮਾਂ ਪ੍ਰਬੰਧਨ ਚੰਗੇ ਕੰਮ ਦੀ ਕੁੰਜੀ ਹੈ। ਚੰਡੀਗੜ੍ਹ ਹਾਊਸਿੰਗ ਬੋਰਡ ਨੇ ਅੱਜ ਰਿਹਾਇਸ਼ੀ ਜਾਇਦਾਦਾਂ ਲਈ ਵੱਖ-ਵੱਖ ਈ-ਸੇਵਾਵਾਂ ਸ਼ੁਰੂ ਕੀਤੀਆਂ ਹਨ। ਇਸ ਪਹਿਲਕਦਮੀ ਨਾਲ ਨਾਗਰਿਕਾਂ ਨੂੰ ਇੱਕ ਬਟਨ ਦੇ ਇੱਕ ਕਲਿੱਕ ਨਾਲ ਲੋੜੀਂਦੇ ਸਰਟੀਫਿਕੇਟ ਜਿਵੇਂ ਇੱਕਮੁਸ਼ਤ ਭੁਗਤਾਨ ਸਰਟੀਫਿਕੇਟ, ਵਿਆਜ ਕੰਪੋਨੈਂਟ ਸਰਟੀਫਿਕੇਟ ਤੇ ਜਾਇਦਾਦ ਨੂੰ ਗਿਰਵੀ ਰੱਖਣ ਦੀ ਇਜਾਜ਼ਤ ਮਿਲੇਗੀ। ਇਸੇ ਤਰ੍ਹਾਂ ਰਜਿਸਟ੍ਰੇਸ਼ਨ ਤੇ ਲਾਇਸੈਂਸਿੰਗ ਅਥਾਰਟੀ (ਆਰਐਲਏ) ਤੇ ਸਟੇਟ ਟਰਾਂਸਪੋਰਟ ਅਥਾਰਟੀ (ਐਸਟੀਏ) ਦੀਆ ਹੋਰ ਸੇਵਾਵਾਂ ਨੂੰ ਵੀ ਆਨਲਾਈਨ ਪ੍ਰਣਾਲੀ ’ਤੇ ਉਪਲਬਧ ਕਰਵਾ ਦਿੱਤਾ ਗਿਆ। ਚੰਡੀਗੜ੍ਹ ਦੇ ਨਾਗਰਿਕਾਂ ਨੂੰ ਮੁਸ਼ਕਲ ਰਹਿਤ ਸੇਵਾਵਾਂ ਪ੍ਰਦਾਨ ਕਰਨ ਲਈ ਵਾਹਨ ਦੀ ਆਰਸੀ ਨਾਲ ਸਬੰਧਤ ਆਰਐਲਏ ਦੀਆਂ 10 ਸੇਵਾਵਾਂ ਅਤੇ ਵਪਾਰਕ ਵਾਹਨਾਂ ਨਾਲ ਸਬੰਧਤ ਐਸਟੀਏ ਦਫ਼ਤਰ ਦੀਆਂ 7 ਸੇਵਾਵਾਂ ਨੂੰ ਪੂਰੀ ਤਰ੍ਹਾਂ ਨਾਲ ਸੰਪਰਕ ਰਹਿਤ ਬਣਾ ਦਿੱਤਾ ਗਿਆ ਹੈ।
ਇਸ ਮੌਕੇ ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੋ ਰਹੀ ਹੈ ਕਿ ਚੰਡੀਗੜ੍ਹ ਯੂਟੀ/ਰਾਜਾਂ ’ਚੋਂ ਪਹਿਲਾ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਜਿਸ ਨੇ ‘ਸਰਵਿਸ ਪਲੱਸ ਪੋਰਟਲ’ ਤੇ ‘ਉਮੰਗ ਐਪ’ ’ਤੇ ਡੀਬੀਟੀ ਸਕੀਮਾਂ ਨੂੰ ਆਨ-ਬੋਰਡ ਕਰਨ ਦਾ ਟੀਚਾ ਹਾਸਲ ਕੀਤਾ ਹੈ। ਇਸ ਪ੍ਰੋਗਰਾਮ ’ਚ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ ਵਿਨੇ ਪ੍ਰਤਾਪ ਸਿੰਘ, ਹਾਊਸਿੰਗ ਬੋਰਡ ਦੇ ਸੀਈਓ ਯਸ਼ਪਾਲ ਗਰਗ, ਗ੍ਰਹਿ ਸਕੱਤਰ ਨਿਤਿਨ ਯਾਦਵ, ਆਰਐਲਏ ਅਧਿਕਾਰੀ ਪਰਦੂਮਨ ਸਿੰਘ, ਜਨਸੰਪਰਕ ਨਿਰਦੇਸ਼ਕ ਰਾਜੀਵ ਤਿਵਾੜੀ ਵੀ ਹਜ਼ਾਰ ਸਨ।
ਆਬਕਾਰੀ ਤੇ ਕਰ ਵਿਭਾਗ ਦੀਆਂ 23 ਸੇਵਾਵਾਂ ਵੀ ਆਨਲਾਈਨ
ਇਸੇ ਤਰ੍ਹਾਂ ਇਥੋਂ ਦਾ ਮਿਲਖ ਵਿਭਾਗ ਦੀਆਂ ਜਾਇਦਾਦ ਦੀ ਮਾਲਕੀ ਦੇ ਤਬਾਦਲੇ, ਡੀਡ ਨੂੰ ਲਾਗੂ ਕਰਨ, ਐਨਓਸੀ ਤੇ ਅਲਾਟਮੈਂਟ ਪੱਤਰ ਜਾਰੀ ਕਰਨ ਦੀ ਸੇਵਾਵਾਂ ਵੀ ਆਨਲਾਈਨ ਉਪਲਬਧ ਹੋਣਗੀਆਂ। ਪ੍ਰਸ਼ਾਸਨ ਨੇ ਪੁਰਾਣੀ ਰਵਾਇਤ ਨੂੰ ਖਤਮ ਕਰਦੇ ਹੋਏ ਆਬਕਾਰੀ ਤੇ ਕਰ ਵਿਭਾਗ ਦੀਆਂ 23 ਵੱਖ-ਵੱਖ ਲਾਇਸੈਂਸਾਂ ਨਾਲ ਸਬੰਧਤ ਸੇਵਾਵਾਂ ਵੀ ਆਨਲਾਈਨ ਸ਼ੁਰੂ ਕੀਤੀਆਂ ਹਨ। ਚੰਡੀਗੜ੍ਹ ਲੇਬਰ ਵੈਲਫੇਅਰ ਬੋਰਡ ਦੀਆਂ ਵੱਖ-ਵੱਖ ਈ-ਸੇਵਾਵਾਂ ਦੀ ਸ਼ੁਰੂਆਤ ਨਾਲ, ਮਜ਼ਦੂਰਾਂ ਨੂੰ ਵੱਖ-ਵੱਖ ਸੁਰੱਖਿਆ ਸੇਵਾਵਾਂ ਲਈ ਸਰਕਾਰੀ ਦਫਤਰਾਂ ਵਿੱਚ ਜਾਣ ਦੀ ਲੋੜ ਨਹੀਂ ਹੈ।