ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 25 ਫਰਵਰੀ
ਬਿਜਲੀ ਵਿਭਾਗ, ਚੰਡੀਗੜ੍ਹ ਦੇ ਕਰਮਚਾਰੀਆਂ ਵੱਲੋਂ ਆਪਣੀ ਮੰਗਾਂ ਲਈ 22 ਤੋਂ 24 ਫਰਵਰੀ ਤੱਕ ਕੀਤੀ ਹੜਤਾਲ ਕਾਰਨ ਲਗਪਗ ਸਾਰਾ ਸ਼ਹਿਰ ਹਨੇਰੇ ਵਿੱਚ ਡੁੱਬ ਗਿਆ ਸੀ ਅਤੇ ਹੜਤਾਲ ਕਾਰਨ ਸ਼ਹਿਰ ਵਿੱਚ ਲਗਪਗ ਕਰੀਬ 41 ਘੰਟੇ ਤੱਕ ਬਲੈਕਆਊਟ ਵਰਗੀ ਸਥਿਤੀ ਰਹੀ ਸੀ। ਇੱਥੋਂ ਦੇ ਦੋ ਮੁੱਖ ਹਸਪਤਾਲਾਂ ਸੈਕਟਰ 16 ਸਥਿਤ ਸਰਕਾਰੀ ਹਸਪਤਾਲ ਅਤੇ ਸੈਕਟਰ-32 ਸਥਿਤ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਬਿਜਲੀ ਠੱਪ ਹੋ ਗਈ ਸੀ। ਇਸੇ ਤਰ੍ਹਾਂ ਸ਼ਹਿਰ ਵਿੱਚ ਕਈ ਹੋਰ ਥਾਵਾਂ ’ਤੇ ਵੀ ਬਿਜਲੀ ਗੁੱਲ ਹੋ ਗਈ ਸੀ। ਪ੍ਰਸ਼ਾਸਨ ਵੱਲੋਂ ਕੀਤੀ ਮੁੱਢਲੀ ਜਾਂਚ ਤੋਂ ਬਾਅਦ ਸ਼ਹਿਰ ਦੀ ਬਿਜਲੀ ਵਿਵਸਥਾ ਨੂੰ ਠੱਪ ਕਰਨ ਵਿੱਚ ਹੜਤਾਲ ਤੇ ਗਏ ਬਿਜਲੀ ਕਰਮਚਾਰੀਆਂ ਦੀ ਭੂਮਿਕਾ ਮੰਨੀ ਜਾ ਰਹੀ ਸੀ। ਪ੍ਰਸ਼ਾਸਨ ਦੇ ਇੰਜਨੀਅਰਿੰਗ ਵਿਭਾਗ ਵਲੋਂ ਅਜਿਹੇ ਕਰਮਚਾਰੀਆਂ ਦੀ ਪਛਾਣ ਕਰ ਕੇ ਇਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਹੜਤਾਲ ਕਾਰਨ ਸ਼ਹਿਰ ਦੀ ਬਿਜਲੀ ਵਿਵਸਥਾ ਵਿੱਚ ਵਿਘਨ ਪਾਉਣ ਦੇ ਹੇਠ ਦੋਸ਼ ਬਿਜਲੀ ਕਰਮਚਾਰੀਆਂ ਦੀ ਪਛਾਣ ਸਬੰਧੀ ਪ੍ਰਸ਼ਾਸਕ ਦੇ ਆਦੇਸ਼ਾਂ ’ਤੇ ਬਣਾਈ ਕਮੇਟੀ ਦੇ ਆਧਾਰ ’ਤੇ ਸੈਕਟਰ 16-32 ਦੇ ਸਰਕਾਰੀ ਹਸਪਤਾਲਾਂ ਦੀ ਬਿਜਲੀ ਦੀ ਗੜਬੜੀ ਲਈ ਉੱਥੇ ਨਿਗਰਾਨੀ ਕਰਨ ਵਾਲੇ ਦੋ ਜੂਨੀਅਰ ਇੰਜਨੀਅਰਾਂ ਨੂੰ ਅਗਲੀ ਜਾਂਚ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ।
ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਕੱਤਰ ਸਿਹਤ ਯਸ਼ਪਾਲ ਗਰਗ ਦੀ ਅਗਵਾਈ ਵਿੱਚ ਕਾਇਮ ਕਮੇਟੀ ਵਿੱਚ ਮੈਡੀਕਲ ਸੁਪਰਡੈਂਟ ਜੀਐਮਐਸਐਚ-16, ਮੈਡੀਕਲ ਸੁਪਰਡੈਂਟ ਜੀਐਮਸੀਐਚ-32 ਅਤੇ ਗੁਰਪ੍ਰੀਤ ਸਿੰਘ ਐਕਸੀਅਨ (ਇਲੈਕਟ੍ਰੀਕਲ) ਨੇ ਦੋਵਾਂ ਹਸਪਤਾਲਾਂ ਵਿੱਚ ਬਿਜਲੀ ਦੀ ਗੜਬੜੀ ਦਾ ਕਾਰਨ ਬਣਨ ਵਾਲੀਆਂ ਖ਼ਾਮੀਆਂ ਦੀ ਪੜਤਾਲ ਕੀਤੀ ਸੀ। ਇਨ੍ਹਾਂ ਵੱਲੋਂ ਪੇਸ਼ ਰਿਪੋਰਟ ਦੇ ਆਧਾਰ ’ਤੇ ਇਨ੍ਹਾਂ ਹਸਪਤਾਲਾਂ ਦੀ ਬਿਜਲੀ ਸਪਲਾਈ ਦੀ ਨਿਗਰਾਨੀ ਕਰਨ ਵਾਲੇ ਦੋ ਜੂਨੀਅਰ ਇੰਜਨੀਅਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਬਿਜਲੀ ਕਰਮਚਾਰੀ ਯੂਨੀਅਨ ਵੱਲੋਂ ਹੜਤਾਲ ਤੋਂ ਬਾਅਦ ਬਿਜਲੀ ਸਪਲਾਈ ਬਹਾਲ ਕਰਨ ਵਿੱਚ ਫ਼ੌਜ ਦੇ ਅਧਿਕਾਰੀਆਂ ਨਾਲ ਸਹਿਯੋਗ ਨਾ ਕਰਨ ਕਾਰਨ ਚੰਡੀਗੜ੍ਹ ਦੇ ਇਲੈਕਟ੍ਰੀਸਿਟੀ ਵਿਭਾਗ ਦੇ ਸੁਪਰਡੈਂਟ ਇੰਜਨੀਅਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਿਜਲੀ ਵਿਭਾਗ ਦੇ 126 ਰੈਗੂਲਰ ਕਰਮਚਾਰੀਆਂ ਨੂੰ ਸਰਕਾਰੀ ਡਿਊਟੀਆਂ ਤੋਂ ਗ਼ੈਰ-ਹਾਜ਼ਰ ਰਹਿਣ ਕਰ ਕੇ ਗੰਭੀਰ ਦੁਰਵਿਹਾਰ ਕਰਨ ਲਈ ਕਾਰਨ ਦੱਸੋ ਨੋਟਿਸ ਵੀ ਜਾਰੀ ਕੀਤੇ ਗਏ ਹਨ। ਇਸ ਦੇ ਨਤੀਜੇ ਵਜੋਂ ਸ਼ਹਿਰ ਦੇ ਕਈ ਖੇਤਰਾਂ ਨੂੰ ਬਿਜਲੀ ਸਪਲਾਈ ਪ੍ਰਭਾਵਿਤ ਕਰਨ ਵਾਲੀਆਂ ਡਿਫਾਲਟ ਲਾਈਨਾਂ ਦੀ ਸੰਭਾਲ ਨਹੀਂ ਹੋਈ। ਇਸ ਦੇ ਨਾਲ ਨਾਲ ਬਿਜਲੀ ਵਿਭਾਗ ਦੇ 17 ਆਊਟਸੋਰਸ ਕਰਮਚਾਰੀਆਂ ਦੀਆਂ ਸੇਵਾਵਾਂ ਖ਼ਤਮ ਕਰਨ ਤੇ ਬਿਜਲੀ ਵਿਭਾਗ ਦੇ 143 ਕਰਮਚਾਰੀਆਂ ਖ਼ਿਲਾਫ਼ ਐਫਆਈਆਰ ਦਰਜ ਕਰਵਾਉਣ ਦੀ ਵੀ ਤਿਆਰੀ ਹੈ।
ਜ਼ਿਕਰਯੋਗ ਹੈ ਕਿ ਇਸ ਹੜਤਾਲ ਨੂੰ ਲੈਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਬਾਅਦ ਚੰਡੀਗੜ੍ਹ ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਵੀ ਪ੍ਰਸ਼ਾਸਨ ਦੇ ਅਫ਼ਸਰਾਂ ਦੀ ਖਿਚਾਈ ਕੀਤੀ ਸੀ। ਲਗਪਗ ਪੂਰੇ ਸ਼ਹਿਰ ਸਣੇ ਇੱਥੋਂ ਦੇ ਹਸਪਤਾਲਾਂ ਦੀ ਬਿਜਲੀ ਸਪਲਾਈ ਨੂੰ ਕਥਿਤ ਤੌਰ ’ਤੇ ਠੱਪ ਕਰਨ ਦੇ ਦੋਸ਼ੀ ਬਿਜਲੀ ਕਰਮਚਾਰੀਆਂ ’ਤੇ ਕੋਈ ਕਾਰਵਾਈ ਨਾ ਕਰਨ ਲਈ ਪ੍ਰਸ਼ਾਸਕ ਨੇ ਮੀਟਿੰਗ ਦੌਰਾਨ ਇਤਰਾਜ਼ ਜ਼ਾਹਿਰ ਕੀਤਾ ਸੀ। ਮਾਮਲੇ ਦੀ ਪੂਰੀ ਜਾਂਚ ਲਈ ਇੱਕ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਨੁਕਸਾਨ, ਹੜਤਾਲ ਵਿੱਚ ਸ਼ਾਮਲ ਹੋਣ ਵਾਲਿਆਂ ਆਦਿ ਬਾਰੇ ਰਿਪੋਰਟ ਤਿਆਰ ਕਰ ਕੇ 15 ਦਿਨਾਂ ਵਿੱਚ ਪ੍ਰਸ਼ਾਸਨ ਨੂੰ ਸੌਂਪੇਗੀ। ਪ੍ਰਸ਼ਾਸਕ ਨੇ ਚੰਡੀਗੜ੍ਹ ਪੁਲੀਸ ਦੇ ਡੀਜੀਪੀ ਨੂੰ ਵੀ ਸਿੱਧੇ ਤੌਰ ’ਤੇ ਮਾਮਲੇ ਦੀ ਜਾਂਚ ਕਰਨ ਨਿਰਦੇਸ਼ ਦਿੱਤੇ ਸਨ।