ਸੰਜੀਵ ਬੱਬੀ
ਚਮਕੌਰ ਸਾਹਿਬ, 10 ਮਾਰਚ
ਚਮਕੌਰ ਸਾਹਿਬ ਨੇੜੇ ਦਰਿਆ ਸਤਲੁਜ ਵਿੱਚ ਸਿੱਲਟ ਕੱਢਣ ਦੇ ਬਹਾਨੇ ਹੋ ਰਹੀ ਨਾਜਾਇਜ਼ ਮਾਈਨਿੰਗ ਕਾਰਨ ਵੱਖ-ਵੱਖ ਪਾਰਟੀਆਂ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਇੱਥੇ ਨਹਿਰ ਪੁਲ ’ਤੇ ਤਿੰਨ ਘੰਟੇ ਸਰਕਾਰ ਵਿਰੁੱਧ ਧਰਨਾ ਦੇ ਕੇ ਨਾਅਰੇਬਾਜ਼ੀ ਕੀਤੀ ਗਈ, ਉੱਥੇ ਧਰਨੇ ਦੌਰਾਨ ਲੋਕਾਂ ਨੂੰ ਖੱਜਲ ਖੁਆਰ ਵੀ ਹੋਣਾ ਪਿਆ। ਦੂਜੇ ਪਾਸੇ ਮਾਈਨਿੰਗ ਕਰਨ ਵਾਲਿਆਂ ਨੂੰ ਜਦੋਂ ਧਰਨੇ ਲੱਗਣ ਦੀ ਭਿਣਕ ਪਈ ਤਾਂ ਉਨ੍ਹਾਂ ਆਪਣੇ ਦਰਜਨਾਂ ਹੀ ਓਵਰਲੋਡ ਰੇਤੇ ਨਾਲ ਭਰੇ ਟਿੱਪਰ ਕਸਬਾ ਬੇਲਾ ਵਿਖੇ ਅਨਾਜ ਮੰਡੀ ਵਿੱਚ ਹੀ ਖੜਾ ਦਿੱਤੇ। ਧਰਨੇ ਦੌਰਾਨ ਅਕਾਲੀ ਦਲ ਦੇ ਹਲਕਾ ਇੰਚਾਰਜ ਹਰਮੋਹਣ ਸਿੰਘ ਸੰਧੂ, ਸਰਕਲ ਪ੍ਰਧਾਨ ਅਮਨਦੀਪ ਸਿੰਘ ਮਾਂਗਟ, ਬਲਦੇਵ ਸਿੰਘ ਹਾਫਿਜ਼ਾਬਾਦ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ. ਚਰਨਜੀਤ ਸਿੰਘ, ਯੂਥ ਆਗੂ ਲਖਵੀਰ ਸਿੰਘ ਲੱਖੀ ਅਤੇ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਗੁਰਨਾਮ ਸਿੰਘ ਜੱਸੜਾਂ ਨੇ ਕਿਹਾ ਕਿ ਦਰਿਆ ਸਤਲੁਜ ਵਿੱਚ ਸਰਕਾਰ ਤੇ ਪ੍ਰਸਾਸ਼ਨ ਵੱਲੋਂ ਰੇਤੇ ਵਿੱਚੋਂ ਸਿੱਲਟ ਕੱਢਣ ਦੇ ਬਹਾਨੇ ਕਾਰਪੋਰੇਟਰ ਘਰਾਣੇ ਨੂੰ ਨਜਾਇਜ਼ ਰੇਤੇ ਦੀ ਮਾਈਨਿੰਗ ਕਰਨ ਦੀ ਖੁੱਲ੍ਹ ਦਿੱਤੀ ਹੋਈ ਹੈ, ਜਿਸ ਕਾਰਨ ਰੋਜ਼ਾਨਾ ਹੀ 700 ਦੇ ਕਰੀਬ ਓਵਰਲੋਡ ਟਿੱਪਰ ਸੜਕਾਂ ਤੋੜਦੇ ਹੋਏ ਜਾ ਰਹੇ ਹਨ।